ਚੰਡੀਗੜ੍ਹ, 03 ਨਵੰਬਰ 2024: ਸਾਊਥ ਫਿਲਮ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਮਸ਼ਹੂਰ ਫਿਲਮ ਨਿਰਦੇਸ਼ਕ ਗੁਰੂਪ੍ਰਸਾਦ (Guruprasad) ਦੇ ਦਿਹਾਂਤ ਨਾਲ ਪੂਰੀ ਸਾਊਥ ਫਿਲਮ ਇੰਡਸਟਰੀ ‘ਚ ਸੋਗ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਸ਼ਹੂਰ ਨਿਰਦੇਸ਼ਕ ਗੁਰੂਪ੍ਰਸਾਦ ਨੇ ਖੁਦਕੁਸ਼ੀ ਕੀਤੀ ਹੈ, ਪਰ ਇਹ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ |
52 ਸਾਲਾ ਕੰਨੜ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਗੁਰੂਪ੍ਰਸਾਦ ਦੀ ਮੌਤ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਗੁਰੂ ਪ੍ਰਸਾਦ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਸਦਮਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਨੜ ਨਿਰਦੇਸ਼ਕ ਗੁਰੂਪ੍ਰਸਾਦ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਤੋਂ ਸੜੀ ਹਾਲਤ ‘ਚ ਮਿਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰੂਪ੍ਰਸਾਦ (Guruprasad) ਪਿਛਲੇ ਅੱਠ ਮਹੀਨਿਆਂ ਤੋਂ ਇਸ ਘਰ ‘ਚ ਰਹੇ ਸਨ । ਗੁਆਂਢੀਆਂ ਨੇ ਡਾਇਰੈਕਟਰ ਦੇ ਘਰ ‘ਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਜਦੋਂ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਕਰਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਸ਼ਿਕਾਇਤ ਮਿਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਡਾਇਰੈਕਟਰ ਦੀ ਮ੍ਰਿਤਕ ਦੇਹ ਘਰ ‘ਚ ਪੱਖੇ ਨਾਲ ਲਟਕਦੀ ਮਿਲੀ। ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਗੁਰੂਪ੍ਰਸਾਦ ਨੇ ਕਈ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਹੋ ਸਕਦੀ ਹੈ ਕਿਉਂਕਿ ਮ੍ਰਿਤਕ ਦੇਹ ਸੜਨ ਲੱਗੀ ਸੀ।
ਦੱਸਿਆ ਜਾ ਰਿਹਾ ਹੈ ਕਿ ਗੁਰੂਪ੍ਰਸਾਦ ਕਰਜ਼ੇ ‘ਚ ਡੁੱਬਿਆ ਹੋਇਆ ਸੀ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਇਹ ਇੱਕ ਕਾਰਨ ਹੋ ਸਕਦਾ ਹੈ ਕਿ ਨਿਰਦੇਸ਼ਕ ਨੇ ਆਪਣੀ ਜਾਨ ਲੈ ਲਈ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਡਾਇਰੈਕਟਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਆਪਣੀ ਹਾਲੀਆ ਫਿਲਮ ਦੇ ਫਲਾਪ ਹੋਣ ਕਾਰਨ ਵਿੱਤੀ ਸੰਕਟ ‘ਚ ਸੀ। ਗੁਰੂਪ੍ਰਸਾਦ ਨੇ ਸਾਲ 2006 ਵਿੱਚ ਬਤੌਰ ਨਿਰਦੇਸ਼ਕ ਡੈਬਿਊ ਕੀਤਾ ਸੀ।