ਗੁਰਦੁਆਰਾ ਪੀਡੀਆ
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਜਿਹਲਮ ‘ਚ ਸਥਿਤ ਕਿਲ੍ਹਾ ਰੋਹਤਾਸ ਇਕ ਇਤਿਹਾਸਕ ਮਹੱਤਵ ਰੱਖਦਾ ਹੈ । ਇਸਦੇ ਕਸ਼ਮੀਰੀ ਦਰਵਾਜ਼ੇ ਜੋ ਕਿ 70 ਫੁੱਟ ਵੱਡਾ ਹੈ, ਇਸਦੇ ਬਿਲਕੁਲ ਨਜ਼ਦੀਕ ਖ਼ਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਪਵਿੱਤਰ ਪ੍ਰਕਾਸ਼ ਅਸਥਾਨ ਹੈ। ਜਿੱਥੇ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਸਥਿਤ ਹੈ।
ਇਹ ਕਿਲ੍ਹਾ ਥੋੜ੍ਹੇ ਸਮੇਂ ਲਈ ਦਿੱਲੀ ਤਖ਼ਤ ਤੇ ਬੈਠੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ 16ਵੀਂ ਸਦੀ ਵਿੱਚ ਮੁਗਲਾਂ ਨੂੰ ਟੱਕਰ ਦੇਣ ਲਈ ਬਣਾਇਆ ਸੀ । ਇਹ ਕਿਲ੍ਹਾ 171 ਏਕੜ ਵਿੱਚ ਫੈਲਿਆ ਹੋਇਆ ਹੈ । ਇਸਦੀ ਕੰਧ 30 ਫੁੱਟ ਚੌੜੀ ਤੇ 50 ਫੁੱਟ ਉੱਚੀ ਸੀ, ਇਸ ਦੇ ਚੌਹਾਂ ਪਾਸਿਆਂ ਉੱਤੇ 68 ਬੁਰਜ ਅਤੇ 12 ਦਰਵਾਜ਼ੇ ਸਨ । ਗੁਰਦੁਆਰਾ ਸਾਹਿਬ ਦਾ ਪੁਰਾਤਨ ਦਰਬਾਰ ਜੋ ਮਹਾਰਾਜਾ ਰਣਜੀਤ ਸਿੰਘ ਨੇ ਯਾਦਗਾਰ ਵਜੋਂ ਤਾਮੀਰ ਕਰਵਾਈ, ਜਿਸਦੀ 2012 ਮੁਰੰਮਤ ਕੀਤੀ ਗਈ ਸੀ
16ਵੀਂ ਸਦੀ ਵਿੱਚ ਬਣੇ ਇਸ ਕਿਲ੍ਹੇ ਵਿੱਚ ਸਮੇਂ ਦਾ ਨਾਲ ਆਬਾਦੀ ਵੱਸ ਗਈ । ਹੁਣ ਵੀ ਇਸਦੇ ਅੰਦਰਲੀ ਆਬਾਦੀ ਪਿੰਡ ਰੋਹਤਾਸ ਦੇ ਨਾਮ ਨਾਲ ਆਬਾਦ ਹੈ ਅਤੇ ਉਹ ਹੁਣ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਜਿਹਲਮ ਦੀ ਤਹਿਸੀਲ ਦੀਨਾ ਅਧੀਨ ਆਉਂਦਾ ਹੈ।
ਇਸ ਕਿਲ੍ਹੇ ਤੋਂ ਥੋੜੀ ਵਿੱਥ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਗੁਰਦੁਆਰਾ ਚੋਆ ਸਾਹਿਬ ਰੋਹਤਾਸ ਸਥਿਤ ਹੈ । ਜਿੱਥੇ ਗੁਰੂ ਨਾਨਕ ਪਾਤਸ਼ਾਹ ਕਾਬਲ, ਕੰਧਾਰ ਤੇ ਪਿਸ਼ਾਵਰ ਤੋਂ ਵਾਪਸ ਪਰਤਦੇ ਹੋਏ ਆਏ ਸਨ। ਉਸ ਅਸਥਾਨ ਦੀ ਸੇਵਾ ਸੰਭਾਲ ਕਰਨ ਵਾਲੇ ਭਾਈ ਹਰ ਭਗਵਾਨ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਸੰਮਤ 1738 ਕੱਤਕ ਦੀ 18 ਤਾਰੀਖ਼ ਨੂੰ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਹੋਇਆ । ਜਿੰਨਾ ਦੀ ਝੋਲੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨਾਦੀ ਪੁੱਤਰ ਖ਼ਾਲਸਾ ਪਾਇਆ ।
2014 ਵਿਚ ਮਾਤਾ ਜੀ ਦੇ ਜਨਮ ਦਿਹਾੜੇ ‘ਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਭਾਈ ਹਰ ਭਗਵਾਨ ਜੀ ਦਾ ਘਰ ਜਿੱਥੇ ਮਾਤਾ ਜੀ ਦਾ ਪ੍ਰਕਾਸ਼ ਹੋਇਆ, ਕਿਲ੍ਹੇ ਦੇ ਕਸ਼ਮੀਰੀ ਦਰਵਾਜ਼ੇ ਦੇ ਅੰਦਰ ਬਿਲਕੁਲ ਨਜ਼ਦੀਕ ਸਥਿਤ ਸੀ । ਖ਼ਾਲਸਾ ਰਾਜ ਵੇਲੇ ਜਦੋਂ ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆਇਆ ਤਾਂ ਉਹਨਾਂ ਜਿੱਥੇ ਗੁਰਦੁਆਰਾ ਚੋਆ ਸਾਹਿਬ ਦੀ ਇਮਾਰਤ ਮੁੜ ਉਸਾਰੀ ਉੱਥੇ ਹੀ ਇਸ ਅਸਥਾਨ ਤੇ ਵੀ ਪੱਕੀ ਉਸਾਰੀ ਕਰਕੇ ਉੱਪਰ ਗੁੰਬਦ ਉਸਾਰ ਗੁਰੂ ਘਰ ਦੀ ਪੱਕੀ ਇਮਾਰਤ ਦੀ ਸੇਵਾ ਕਰਵਾਈ ।
ਇਤਿਹਾਸਿਕ ਰੋਹਤਾਸ ਕਿਲ੍ਹੇ ਬਾਰੇ: –
ਸ਼ੇਰ ਸ਼ਾਹ ਸੂਰੀ ਨੇ ਇਹ ਕਿਲ੍ਹਾ ਬੰਗਾਲ ਦੇ ਸ਼ਾਹਬਾਜ ਕਿਲ੍ਹੇ ਦੀ ਤਰਜ ‘ਤੇ ਬਣਾਇਆ ਸੀ। ਤਾਰੀਖ਼ ਦਾਊਦੀ ਅਨੁਸਾਰ ਇਸ ਤੇ ਅੱਠ ਕਰੋੜ ਪੰਜ ਲੱਖ ਪੰਜ ਹਜ਼ਾਰ ਤੇ ਢਾਈ ਦਾਮ ਲਾਗਤ ਆਈ ਸੀ । ਤੇ ਇਹ ਢਾਈ ਮੀਲ ਦੇ ਘੇਰੇ ਵਿੱਚ ਬਣਿਆ ਹੋਇਆ ਸੀ।
ਇਹ ਕਿਲ੍ਹਾ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਨੇ ਜਿੱਤ ਕੇ ਆਪਣੇ ਅਧੀਨ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਸਮੇਂ ਇਹ ਸਿੱਖ ਸਰਗਰਮੀਆਂ ਦਾ ਵੱਡਾ ਕੇਂਦਰ ਰਿਹਾ ਸੀ । ਮਹਾਰਾਜਾ ਰਣਜੀਤ ਸਿੰਘ ਸਮੇਂ ਸਮੇਂ ਇੱਥੇ ਆ ਕੇ ਠਹਿਰਦੇ ਸਨ । ਜਦੋਂ ਉਹ 1831 ਈ. ਵਿੱਚ ਬਿਮਾਰ ਹੋਏ ਤਾਂ ਉਨ੍ਹਾਂ ਇੱਥੇ ਰਹਿ ਕੇ ਅੰਗਰੇਜ਼ ਡਾਕਟਰ ਤੋਂ ਇਲਾਜ ਕਰਵਾਇਆ ਸੀ।
ਸਿੱਖਾਂ ਦੇ ਅਧੀਨ ਰੋਹਤਾਸ ਦਾ ਕਿਲ੍ਹਾ
ਜਦੋਂ ਹਜ਼ਾਰਾ ਦੇ ਪਠਾਣਾਂ ਨੇ ਸਿੱਖ ਰਾਜ ਵਿਰੁੱਧ ਬਗਾਵਤ ਕੀਤੀ ਤਾਂ ਉਹਨਾਂ ਨੂੰ ਸੋਧਣ ਲਈ ਇੱਥੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਭਰੋਸਯੋਗ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਭੇਜਿਆ ਸੀ । ਇਸੇ ਹੀ ਕਿਲ੍ਹੇ ਤੋਂ ਚੜਾਈ ਕਰਕੇ ਪਿਸ਼ਾਵਰ ਵਾਲੇ ਯਾਹ ਮੁਹੰਮਦ ਖਾਨ ਬਾਰਜ਼ਈ ਨੂੰ ਹਰਾ ਕੇ ਪਿਸ਼ਾਵਰ ਦਾ ਇਲਾਕਾ ਸਿੱਖ ਰਾਜ ਵਿੱਚ ਸ਼ਾਮਲ ਕੀਤਾ ਸੀ ।
ਜਦੋਂ ਸਰਦਾਰ ਹਰੀ ਸਿੰਘ ਨਲਵਾ ਜਮਰੌਦ ਵਿੱਚ ਸ਼ਹੀਦ ਹੋਏ ਉਦੋਂ ਮਹਾਰਜਾ ਰਣਜੀਤ ਸਿੰਘ ਲਾਹੌਰੋਂ ਕੂਚ ਕਰਕੇ ਰੋਹਤਾਸ ਆ ਕੇ ਠਹਿਰੇ ਸਨ । ਇੱਥੋਂ ਹਾਲਤਾਂ ਦਾ ਜਾਇਜ਼ਾ ਲੈ ਅੱਗੇ ਕੂਚ ਕੀਤਾ ਸੀ।
ਖ਼ਾਲਸਾ ਰਾਜ ਦੇ ਅੰਤ ਤੱਕ ਇਹ ਕਿਲ੍ਹਾ ਸਿੱਖਾਂ ਦੇ ਅਧੀਨ ਰਿਹਾ ਤੇ ਫੇਰ ਬਰਤਾਨਵੀ ਸ਼ਾਸਨ ਅਧੀਨ ਆ ਗਿਆ ਤੇ 147 ਦੀ ਵੰਡ ਮੌਕੇ ਇਹ ਇਲਾਕਾ ਪਾਕਿਸਤਾਨ ਨੂੰ ਦੇ ਦਿੱਤਾ ਗਿਆ । ਜੰਮੂ ਕਸ਼ਮੀਰ ਵਾਲੇ ਪਾਸਿਓਂ ਇਹ ਕਿਲ੍ਹਾ ਸਰਹੱਦ ਤੋਂ ਤਕਰੀਬਨ 25 ਕੁ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਗੁਰਦੁਆਰਾ ਸਾਹਿਬ ਦੇ ਮੌਜੂਦਾ ਹਲਾਤ- ਲਹਿੰਦੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੀ ਸਿੱਖ ਸੰਗਤ ਦਰਸ਼ਨਾਂ ਆਉਂਦੀ ਰਹਿੰਦੀ ਹੈ। ਮਾਤਾ ਜੀ ਦੇ ਜਨਮ ਦਿਹਾੜੇ ‘ਤੇ ਵੀ ਕਈ ਵਾਰ ਸਮਾਗਮ ਕਰਵਾਇਆ ਜਾਂਦਾ ਹੈ। 2012 ਦੇ ਨਜਦੀਕ ਇਸ ਅਸਥਾਨ ਦੀ ਸਾਂਭ ਸੰਭਾਲ ਕੀਤੀ ਗਈ। ਰਸ਼ਗ ਰੋਕਣ ਕਰਕੇ ਅੰਦਰ ਸਫੇਦ ਪੱਥਰ ਲਗਾਇਆ ਗਿਆ ਹੈ। ਲੋਹੇ ਦੇ ਦਰਵਾਜ਼ੇ ਲਗਾਏ ਗਏ ਹਨ। ਉਪਰ ਗੁੰਬਦ ਬਣਾ ਸਟੀਲ ਦੇ ਕਲਸ ਲਗਾਏ ਗਏ ਹਨ।