ਨਵਾਂਸ਼ਹਿਰ, 08 ਅਪ੍ਰੈਲ 2024: ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ, ਵਿੱਦਿਅਕ ਅਤੇ ਕਰਤਾਰਪੁਰ ਸਾਹਿਬ ਦੀ ਯਾਤਰਾ ਨਾਲ ਸੰਬੰਧਤ ਸੇਵਾਵਾਂ ਪ੍ਰਤੀ ਆਮ ਲੋਕਾਂ, ਹਰਮਨ ਪ੍ਰਿਯਤਾ, ਭਰੋਸਾ ਅਤੇ ਰੁਝਾਨ ਵਾਹਿਗੁਰੂ ਦੀ ਕਿਰਪਾ ਸਦਕਾ ਬ ਦਿਨ ਵਧਦਾ ਜਾ ਰਿਹਾ ਹੈ। ਬੰਗਾ ਵਿਖੇ ਬਾਬਾ ਸੂਰਜ ਮੱਲ ਜੀ ਦੀ ਯਾਦ ਨੂੰ ਸਮਰਪਿਤ ਚੈਰੀਟੇਬਲ ਡਿਸਪੈਂਸਰੀ (Charitable dispensary) , ਖੂਨ ਜਾਂਚ ਲੈਬੋਰੇਟਰੀ ਅਤੇ ਕਰਤਾਰਪੁਰ ਸਾਹਿਬ ਯਾਤਰਾ ਕੇਂਦਰ ਖੋਲ੍ਹਣ ਉਪਰੰਤ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਜਾ ਰਹੇ ਵੱਡੇ ਸਹਿਯੋਗ ਨਾਲ ਹੁਣ ਬੱਸ ਅੱਡਾ ਰਾਹੋਂ ਵਿਖੇ ਸਥਿਤ ਗੁਰਦੁਆਰਾ ਕੰਪਲੈਕਸ ਦੀਆਂ ਦੁਕਾਨਾਂ ਵਿਚ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਅੱਜ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਡਾ ਲਾਰੀਆਂ ਦੀ ਜੁਆਇੰਟ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਗੁਰਦੁਆਰਾ ਕਮੇਟੀ ਅੱਡਾ ਲਾਰੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਮਾਨ ਨੇ ਦੱਸਿਆ ਕਿ ਇਨਾਂ ਸੇਵਾਵਾਂ ਦਾ ਸ਼ੁੱਭ ਆਰੰਭ ਅਗਲੇ ਹਫਤੇ ਕੀਤਾ ਜਾਵੇਗਾ।
ਇਨਾਂ ਸੇਵਾਵਾਂ (Charitable dispensary) ਰਾਹੀਂ ਲੋੜਵੰਦ ਮਰੀਜਾਂ ਦਾ ਚੈੱਕ ਅੱਪ ਅਤੇ ਇਲਾਜ ਯੋਗ ਅਤੇ ਤਜਰਬੇਕਾਰ ਡਾਕਟਰਾਂ ਵਲੋਂ ਕੀਤਾ ਜਾਵੇਗਾ ਅਤੇ ਸਾਰੇ ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਲੈਬੋਰੇਟਰੀ ਵਿਚ ਵੀ ਮਰੀਜਾਂ ਦੇ ਬਲੱਡ ਟੈਸਟ ਵੀ ਬਹੁਤ ਹੀ ਘੱਟ ਰੇਟਾਂ ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਲਈ ਸੁਵਿਧਾ ਕੇਂਦਰ ਵੀ ਇਸ ਕੰਪਲੈਕਸ ਵਿਖੇ ਖੋਲਿਆ ਜਾ ਰਿਹਾ ਹੈ ਜਿਸ ਵਿਚ ਰਜਿਸਟ੍ਰੇਸ਼ਨ ਡਾਕੂਮੈਂਟੇਸ਼ਨ ਦੇ ਨਾਲ ਨਾਲ ਯਾਤਰਾ ਲਈ ਹਰ ਤਰਾਂ ਦੇ ਪ੍ਰਬੰਧਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਲੋੜਵੰਦ ਮਰੀਜਾਂ ਦੇ ਇਲਾਜ ਲਈ ਸੁਸਾਇਟੀ ਵਲੋਂ ਬਹੁਤ ਘੱਟ ਰੇਟਾਂ ਤੇ ਅਲਟਰਾਸਾਊਂਡ, ਸੀਟੀ ਸਕੈਨ, ਐਕਸਰੇ, ਈ ਸੀ ਜੀ, ਇਕੋ ਅਤੇ ਐਮ ਆਰ ਆਈ ਆਦਿਕ ਟੈਸਟਾਂ ਦੇ ਪ੍ਰਬੰਧ ਬਹੁਤ ਹੀ ਘੱਟ ਰੇਟਾਂ ਤੇ ਕਰਵਾਏ ਜਾਣਗੇ ਅਤੇ ਜਰੂਰਤ ਪੈਣ ਤੇ ਇਲਾਜ ਆਦਿਕ ਦੀ ਸਹੂਲਤ ਵੀ ਮਾਹਿਰ ਡਾਕਟਰਾਂ ਰਾਹੀਂ ਬਹੁਤ ਘੱਟ ਰੇਟਾਂ ਤੇ ਮੁਹੱਈਆ ਕਰਵਾਈ ਜਾਵੇਗੀ। ਉਨਾ ਕਿਹਾ ਕਿ ਸੁਸਾਇਟੀ ਵਲੋਂ ਗੁਰਦੁਆਰਾ ਪ੍ਰਬੰਧ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਵਿਚ ਸੇਵਾ ਦੇ ਹੋਰ ਪ੍ਰੋਜੈਕਟ ਵੀ ਅਰੰਭ ਕੀਤੇ ਜਾਣਗੇ।
ਇਸ ਮੀਟਿੰਗ ਵਿਚ ਬਲਵੰਤ ਸਿੰਘ ਸੋਇਤਾ, ਜਗਜੀਤ ਸਿੰਘ ਜਨਰਲ ਸਕੱਤਰ, ਦਲਜੀਤ ਸਿੰਘ ਬਡਵਾਲ, ਗੁਰਬਖਸ਼ ਸਿੰਘ, ਮਨਮੋਹਨ ਸਿੰਘ, ਰਮਣੀਕ ਸਿੰਘ, ਮੁਖਵਿੰਦਰਪਾਲ ਸਿੰਘ, ਤਰਲੋਚਨ ਸਿੰਘ ਖਟਕੜ ਕਲਾਂ, ਦਲਜੀਤ ਸਿੰਘ ਕਰੀਹਾ, ਸਤਪਾਲ ਸਿੰਘ ਰਾਹੋਂ, ਮਲਕੀਤ ਸਿੰਘ ਰਾਹੋਂ, ਕਮਲਜੀਤ ਸਿੰਘ ਸੈਣੀ, ਜੋਗਾ ਸਿੰਘ ਐਸ ਡੀ ਓ, ਗਿਆਨ ਸਿੰਘ, ਪਿਆਰਾ ਸਿੰਘ, ਗੁਰਪਾਲ ਸਿੰਘ, ਬਲਵੰਤ ਸਿੰਘ, ਹਰਦੀਪ ਸਿੰਘ ਗੜ ਪਧਾਣਾ, ਦਲਜੀਤ ਸਿੰਘ ਸੈਣੀ, ਦਿਲਬਾਗ ਸਿੰਘ ਉਸਮਾਨਪੁਰ, ਸੋਮ ਸਿੰਘ ਅਤੇ ਰਾਮਪਾਲ ਰਾਏ ਵੀ ਮੌਜੂਦ ਸਨ।