50 ਵਰ੍ਹੇ ਦਾ ਸ਼ਾਨਾਮੱਤੀ

50 ਵਰ੍ਹੇ ਦਾ ਸ਼ਾਨਾਮੱਤੀ ਇਤਿਹਾਸ ਸਮੋਈ ਬੈਠਾ ਹੈ ਗੁਰੂ ਨਾਨਕ ਖਾਲਸਾ ਕਾਲਜ

ਚੰਡੀਗੜ੍ਹ ,18 ਅਗਸਤ 2021 : ਜਲੰਧਰ ਜ਼ਿਲ੍ਹੇ ਦੀ ਹਦੂਦ ਅੰਦਰ 29 ਕਿਲੋਮੀਟਰ ਦੀ ਵਿੱਥ ‘ਤੇ ਆਦਮਪੁਰ ਤੋਂ 6 ਕਿ.ਮੀ. ਦੀ ਦੂਰੀ ‘ਤੇ ਬਿਸਤ-ਦੁਆਬ ਨਹਿਰ ਕੰਢੇ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਸਥਾਪਿਤ ਹੈ। ਕੁਦਰਤ ਦੀ ਗੋਦ ਅੰਦਰ ਪੇਂਡੂ ਖੇਤਰ ਵਿੱਚ ਲਗਭਗ 35 ਏਕੜ ਦੇ ਰਕਬੇ ਵਿੱਚ ਸਥਾਪਿਤ ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅਧੀਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਨ ਹੇਠ ਨਿਰੰਤਰ ਗਿਆਨ ਰਿਸ਼ਮਾਂ ਵੰਡ ਰਿਹਾ ਹੈ।

ਸਥਾਨਕ ਅਗਾਂਹਵਧੂ ਅਤੇ ਚਿੰਤਕ ਲੋਕਾਂ ਦੀ ਮੰਗ ਉੱਪਰ ਇਸ ਏਡਿਡ ਕਾਲਜ ਦਾ ਨੀਂਹ ਪੱਥਰ ਲਗਭਗ 50 ਵਰ੍ਹੇ ਪਹਿਲਾਂ 28 ਫ਼ਰਵਰੀ,1971 ਨੂੰ ਪੰਜਾਬ ਦੇ ਤਤਕਾਲੀ ਵਿੱਤ ਮੰਤਰੀ ਬਲਵੰਤ ਸਿੰਘ ਦੁਆਰਾ ਰੱਖਿਆ ਗਿਆ ਸੀ। ਉਸ ਵੇਲੇ ਪੇਂਡੂ ਖੇਤਰ ਦੇ ਲੋਕਾਂ ਨੂੰ ਉਚੇਰੀ ਵਿੱਦਿਆ ਹਾਸਲ ਕਰਨ ਲਈ ਜਲੰਧਰ ਜਾਂ ਹੁਸ਼ਿਆਰਪੁਰ ਜਾਣਾ ਪੈਂਦਾ ਸੀ ਜੋ ਕਿ ਖਾਸ ਕਰਕੇ ਲੜਕੀਆਂ ਲਈ ਬਿਖੜਾ ਪੈਂਡਾ ਤੈਅ ਕਰਕੇ ਜਾਣਾ ਬਹੁਤ ਮੁਸ਼ਕਲ ਸੀ। 20ਵੀਂ ਸਦੀ ਦੇ ਛੇਵੇਂ ਦਹਾਕੇ ‘ਚ ਬਿਨਾਂ ਸ਼ੱਕ ਸ਼ਹਿਰੀ ਖੇਤਰ ਵਿੱਚ ਵਿੱਦਿਆ ਦਾ ਕਾਫੀ ਪਾਸਾਰ ਹੋ ਚੁੱਕਾ ਸੀ ਪਰ ਪੇਂਡੂ ਖੇਤਰਾਂ ‘ਚ ਵਿੱਦਿਅਕ ਅਦਾਰਿਆਂ ਦੀ ਘਾਟ ਕਾਰਨ ਬੱਚਿਆਂ ਨੂੰ ਦੂਰ-ਦੁਰਾਡੇ ਖੇਤਰਾਂ ‘ਚ ਤੁਰ ਕੇ ਜਾਂ ਫਿਰ ਤਾਂਗਿਆਂ ਤੇ ਬੱਸਾਂ ਰਾਹੀਂ ਜਾਣਾ ਪੈਂਦਾ ਸੀ।

ਨਤੀਜੇ ਵਜੋਂ ਬਹੁਤ ਘੱਟ ਲੋਕ ਹੀ ਸ਼ਹਿਰਾਂ ‘ਚ ਪੜ੍ਹਨ ਲਈ ਜਾਂਦੇ ਸਨ। ਉਸ ਵੇਲੇ ਦੇ ਆਦਮਪੁਰ ਇਲਾਕੇ ਦੇ ਕੁਝ ਸਿਰਕੱਢ ਆਗੂਆਂ ਨੇ “ਫੈਲੇ ਵਿੱਦਿਆ ਚਾਨਣ ਹੋਏ” ਗੁਰਬਾਣੀ ਫੁਰਮਾਨ ’ਤੇ ਚੱਲਦਿਆਂ ਇਸ ਇਲਾਕੇ `ਚ ਉੱਚ ਵਿੱਦਿਆ ਲਈ ਵਿੱਦਿਅਕ ਸੰਸਥਾ ਸਥਾਪਤ ਕਰਨ ਦਾ ਸੁਪਨਾ ਲਿਆ ਤੇ ਇਸ ਸੁਪਨੇ ਨੂੰ ਹਕੀਕਤ ਦਾ ਰੂਪ ਦੇਣ ਲਈ ਦਿਨ-ਰਾਤ ਇਕ ਕਰ ਦਿੱਤਾ। ਇਨ੍ਹਾਂ ਆਗੂਆਂ ਅਤੇ ਵਿੱਦਿਆ ਦੇ ਹਾਮੀ ਬੁੱਧੀਜੀਵੀਆਂ ’ਚ ਉਸ ਵੇਲੇ ਦੇ ਆਈਏਐੱਸ ਅਧਿਕਾਰੀ ਕੁਲਦੀਪ ਸਿੰਘ ਮਿਨਹਾਸ, ਦੀਦਾਰ ਸਿੰਘ, ਜਥੇਦਾਰ ਰੰਗਾ ਸਿੰਘ, ਜਥੇਦਾਰ ਭਾਗ ਸਿੰਘ, ਪ੍ਰੀਤਮ ਸਿੰਘ ਅਤੇ ਮਹਿੰਦਰ ਸਿੰਘ ਪਟਵਾਰੀ ਆਦਿ ਸ਼ਾਮਲ ਸਨ।

ਗੁਰਬਾਣੀ ਦੇ ਰਾਹ ‘ਤੇ ਚੱਲਣ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਨੇ ਵਿੱਦਿਆ ਦਾ ਚਾਨਣ ਫੈਲਾਉਣ ਲਈ 1968-69 ਵਿਚ ਚਾਰਾਜ਼ੋਈ ਸ਼ੁਰੂ ਕੀਤੀ ਅਤੇ ਡਰੋਲੀ ਕਲਾਂ ’ਚ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ, ਜਿਸ ਲਈ ਡਰੋਲੀ ਪਿੰਡ ਦੀ ਪੰਚਾਇਤ ਨੇ 35 ਏਕੜ ਜ਼ਮੀਨ ਕਾਲਜ ਵਾਸਤੇ ਦਿੱਤੀ ਅਤੇ ਲੜਕੇ ਤੇ ਲੜਕੀਆਂ ਲਈ ਕਾਲਜ ਬਣਾਉਣ ਦਾ ਕਾਰਜ ਆਰੰਭ ਦਿੱਤਾ ਗਿਆ, ਜਿਸ ਦੀ ਇਮਾਰਤ ਕਰੀਬ ਦੋ ਸਾਲਾਂ ਦੌਰਾਨ ਬਣ ਕੇ ਤਿਆਰ ਹੋ ਗਈ ਅਤੇ ਕਾਲਜ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਕਾਲਜ ਦਾ ਨਾਂ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਰੱਖਿਆ ਗਿਆ।

ਇਸ ਕਾਲਜ ਦਾ ਉਦਘਾਟਨ 28 ਫਰਵਰੀ 1971 ਨੂੰ ਪੰਜਾਬ ਦੇ ਤਤਕਾਲੀ ਵਿੱਤ ਮੰਤਰੀ ਬਲਵੰਤ ਸਿੰਘ ਦੁਆਰਾ ਰੱਖਿਆ ਗਿਆ ਸੀ। ਕਾਲਜ ਦਾ ਪ੍ਰਬੰਧ ਚਲਾਉਣ ਲਈ ਪ੍ਰਬੰਧਕੀ ਕਮੇਟੀ ਕਾਇਮ ਕੀਤੀ ਗਈ, ਜਿਸ ਦਾ ਪ੍ਰਧਾਨ ਕੁਲਦੀਪ ਸਿੰਘ ਮਿਨਹਾਸ, ਵਾਈਸ ਪ੍ਰਧਾਨ ਦੀਦਾਰ ਸਿੰਘ ਅਤੇ ਹੋਰਨਾਂ ਅਹੁਦੇਦਾਰਾਂ ਵਿਚ ਜਥੇਦਾਰ ਰੰਗਾ ਸਿੰਘ, ਜਥੇਦਾਰ ਭਾਗ ਸਿੰਘ, ਪ੍ਰੀਤਮ ਸਿੰਘ ਤੇ ਮਹਿੰਦਰ ਸਿੰਘ ਪਟਵਾਰੀ ਸ਼ਾਮਲ ਸਨ। ਇਨ੍ਹਾਂ ਸ਼ਖ਼ਸੀਅਤਾਂ ਨੇ ਕਾਲਜ ਬਣਾਉਣ ਤੋਂ ਬਾਅਦ ਇਸ ਨੂੰ ਵਧੀਆ ਢੰਗ ਨਾਲ ਚਲਾਉਣ ਅਤੇ ਇਲਾਕੇ ਦੇ ਮੁੰਡੇ-ਕੁੜੀਆਂ ਨੂੰ ਇਥੇ ਪੜ੍ਹਨ ਵਾਸਤੇ ਆਉਣ ਲਈ ਉਤਸ਼ਾਹਤ ਕੀਤਾ।

ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾ ਦੇ ਲੋਗੋ “ਮਨਿ ਜੀਤੇ ਜਗੁ ਜੀਤੁ” ਤਹਿਤ ਇਸ ਕਾਲਜ ਵਿੱਚ ਬੀ.ਏ., ਬੀ.ਕਾਮ. ਆਦਿ ਵਿਸ਼ਿਆਂ ਦੀ ਪੜ੍ਹਾਈ ਸ਼ੁਰੂ ਕੀਤੀ ਗਈ। ਸਮੇਂ ਦੀ ਮੰਗ ਸਦਕਾ ਹੁਣ ਇਸ ਕਾਲਜ ਵਿੱਚ ਬੀ.ਏ, ਬੀ.ਕਾਮ., ਬੀ.ਸੀ.ਏ. ਡੀ.ਸੀ.ਏ., ਡਿਪਲੋਮਾ ਇਨ ਸਟੀਚਿੰਗ ਐਂਡ ਟੇਲਰਿੰਗ, ਐੱਮ.ਐੱਸਸੀ (ਕੰਪਿਊਟਰ ਸਾਇੰਸ), ਪੀ.ਜੀ.ਡੀ.ਸੀ.ਏ., ਪੀ.ਜੀ.ਡੀ.ਐੱਫ.ਐੱਸ. ਅਤੇ ਐਮ.ਏ. (ਪੰਜਾਬੀ) ਆਦਿ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ। ਇਸ ਕਾਲਜ ਦੇ ਆਰਟਸ ਬਲਾਕ ਦਾ ਨੀਂਹ ਪੱਥਰ ਜਲੰਧਰ ਦੇ “ਜ਼ੋਰਦਾਰ ਇੰਡਸਟਰੀਜ਼” ਦੇ ਮਾਲਕ ਮਰਹੂਮ ਦੀਦਾਰ ਸਿੰਘ ਦੁਆਰਾ ਰੱਖਿਆ ਗਿਆ ਸੀ ਜੋ ਕਿ ਤਤਕਾਲੀ ਕਾਲਜ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਸਨ। 1 ਅਪ੍ਰੈਲ, 1998 ਨੂੰ ਕਾਲਜ ਦੇ ਇਤਿਹਾਸ ਵਿਚ ਉਸ ਸਮੇਂ ਇਕ ਹੋਰ ਅਧਿਆਏ ਜੁੜਿਆ ਜਦੋਂ ਇਸ ਕਾਲਜ ਨੂੰ ‘‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) , ਸ੍ਰੀ ਅੰਮ੍ਰਿਤਸਰ’’ ਨੇ ਆਪਣੀ ਮੈਨੇਜਮੈਂਟ ਵਿੱਚ ਸ਼ਾਮਲ ਕਰ ਲਿਆ।

ਫ਼ਰਵਰੀ, 2006 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਵੱਲੋਂ ਕਾਲਜ ਦਾ ਪੀਜੀ ਬਲਾਕ ਦਾ ਨਿਰਮਾਣ ਕਰਵਾਇਆ ਗਿਆ। ਉਪਰੰਤ ਯੂਜੀਸੀ ਦੀ ਮਦਦ ਨਾਲ ਕਾਲਜ ਵਿੱਚ ਲੜਕੀਆਂ ਦਾ ਹੋਸਟਲ ਅਤੇ ਸਪੋਰਟਸ ਸਟੇਡੀਅਮ ਤਿਆਰ ਕਰਵਾਇਆ ਗਿਆ। ਮਰਹੂਮ ਰੰਗਾ ਸਿੰਘ ਦੇ ਦਾਨੀ ਪਰਿਵਾਰ ਵੱਲੋਂ ਕਾਲਜ ਦਾ ਮੁੱਖ ਗੇਟ ਤਿਆਰ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਵਿੱਦਿਆ ਦੇ ਇਸ ਮੰਦਿਰ ਨੂੰ ਨੈਕ ਕਮੇਟੀ ਵੱਲੋਂ 15 ਸਤੰਬਰ, 2017 ਨੂੰ ‘ਬੀ ਗ੍ਰੇਡ’ ਵਿੱਚ ਐਕਰੀਡੇਸ਼ਨ ਕੀਤਾ ਗਿਆ ਹੈ।

ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪਹਿਲੇ ਪ੍ਰਿੰਸੀਪਲ ਨਾਮਵਰ ਪੰਜਾਬੀ ਸਾਹਿਤਕਾਰ ਗੁਰਦਿਆਲ ਸਿੰਘ ਫੁੱਲ ਹੋਏ ਹਨ ਜੋ ਕਿ 10 ਜੁਲਾਈ 1971 ਤੋਂ 10 ਅਕਤੂਬਰ 1972 ਤੱਕ ਪ੍ਰਿੰਸੀਪਲ ਦੇ ਅਹੁਦੇ ‘ਤੇ ਬਿਰਾਜਮਾਨ ਰਹੇ ਹਨ। ਮੌਜੂਦਾ ਸਮੇਂ ਕਾਰਜਕਾਰੀ ਪ੍ਰਿੰਸੀਪਲ ਰਚਨਾ ਤੁਲੀ ਦੀ ਅਗਵਾਈ ਹੇਠ ਚੱਲ ਰਿਹਾ ਇਹ ਕਾਲਜ ਸਥਾਨਕ ਇਲਾਕਾ ਨਿਵਾਸੀਆਂ ਦੇ ਨੌਜਵਾਨ ਵਰਗ ਅੰਦਰ ਅਕਾਦਮਿਕ, ਸੱਭਿਆਚਾਰਕ, ਲੋਕ ਕਲਾਵਾਂ, ਧਾਰਮਿਕ, ਸਮਾਜ ਸੇਵਾ ਆਦਿ ਵੱਖ-ਵੱਖ ਖੇਤਰਾਂ ਵਿੱਚ ਨਿਰੰਤਰ ਪਾਸਾਰ ਕਰ ਰਿਹਾ ਹੈ ਜੋ ਕਿ ਇਸ ਪ੍ਰਕਾਰ ਹਨ:-

ਕਾਲਜ ਦੀ ਲਾਇਬ੍ਰੇਰੀ

ਕਾਲਜ ਦੀ ਲਾਇਬਰੇਰੀ ਇੰਚਾਰਜ ਡਾ. ਰਾਕੇਸ਼ ਬਾਵਾ ਅਤੇ ਮੈਡਮ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਹੈ, ਜਿਸ ਵਿੱਚ 13 ਹਜ਼ਾਰ ਦੇ ਕਰੀਬ ਪੁਸਤਕਾਂ ਹਨ। ਇਸ ਲਾਇਬਰੇਰੀ ਵਿੱਚ 30 ਮੈਗਜ਼ੀਨ ਅਤੇ ਜਨਰਲ ਤੋਂ ਇਲਾਵਾ 10 ਰੋਜ਼ਾਨਾ ਅਖ਼ਬਾਰਾਂ ਆਉਂਦੀਆਂ ਹਨ। ਕਾਲਜ ਵੱਲੋਂ ਬਹੁਭਾਸ਼ੀ ਸਾਹਿਤਕ ਰਸਾਲਾ “ਨਿਰਮਲ ਧਾਰਾ” ਵੀ ਹਰ ਵਰ੍ਹੇ ਪ੍ਰਕਾਸ਼ਿਤ ਹੁੰਦਾ ਹੈ। ਕਾਲਜ ਦੀ ਲਾਇਬਰੇਰੀ ਵਿੱਚ ਸਾਰੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਉਪਲੱਬਧ ਹਨ। ਲਾਇਬਰੇਰੀ ਵਿੱਚ ਉਪਲਬਧ ਸਮੱਗਰੀ ਨੂੰ ਕਾਲਜ ਦੇ ਬਾਹਰਲੇ ਪਾਠਕਾਂ ਨੂੰ ਵੀ ਮੁਹੱਈਆ ਕਰਵਾਈ ਜਾਂਦੀ ਹੈ। ਡਿਜੀਟਲ ਇੰਡੀਆ ਮੁਹਿੰਮ ਦੇ ਹੇਠ ਲਾਇਬਰੇਰੀ ਵਿੱਚ ਈ ਰਿਸੋਰਸਜ਼ ਤਹਿਤ ਇਨ ਫਲਿਬ ਨੈੱਟ ਦੀ ਸੁਵਿਧਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਮੁਹੱਈਆ ਕਰਵਾਈ ਗਈ ਹੈ।

ਕੰਪਿਊਟਰ ਵਿਭਾਗ

ਗੁਰੂ ਨਾਨਕ ਖ਼ਾਲਸਾ ਕਾਲਜ ਵਿੱਚ ਪੀ.ਜੀ.ਡੀ.ਸੀ.ਏ. ਅਤੇ ਡੀ.ਸੀ.ਏ. ਦੇ ਕੋਰਸ ਸ਼ਾਨਦਾਰ ਚੱਲ ਰਹੇ ਹਨ। ਕੰਪਿਊਟਰ ਵਿਭਾਗ ਵੱਲੋਂ ਹਰ ਵਰ੍ਹੇ ਇੱਕ ਮਹੀਨੇ ਲਈ ਮੁਫਤ ਕੰਪਿਊਟਰ ਅਵੇਅਰਨੈੱਸ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਦਾ ਲਾਭ ਕਾਲਜ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਭਰਪੂਰ ਰੂਪ ਵਿੱਚ ਲੈਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਅਪਡੇਟ ਰੱਖਣ ਲਈ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਵੀ ਕਰਵਾਇਆ ਜਾਂਦਾ ਹੈ।

ਖੇਡ ਗਤੀਵਿਧੀਆਂ

ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀਆਂ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਹਨ। ਭਗਵੰਤ ਸਿੰਘ ਐਨਆਈਐਸ ਕੋਚ ਦੀ ਕੋਚਿੰਗ ਸਦਕਾ ਬਹੁਤ ਸਾਰੇ ਅੰਤਰਰਾਸ਼ਟਰੀ, ਰਾਸ਼ਟਰੀ, ਅੰਤਰ ਯੂਨੀਵਰਸਿਟੀ, ਸਟੇਟ ਯੂਨੀਵਰਸਿਟੀ ਆਦਿ ਕਈ ਨਵੇਂ ਕੀਰਤੀਮਾਨ ਰਿਕਾਰਡ ਕਾਇਮ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕਾਲਜ ਦੇ (ਲੜਕਿਆਂ) ਨੇ 8 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਾਸ ਕੰਟਰੀ ਚੈਂਪੀਅਨਸ਼ਿਪ ਜਿੱਤੀ ਹੈ। ਇਸ ਦੇ ਨਾਲ ਹੀ ਕਾਲਜ ਦੀਆਂ ਲੜਕੀਆਂ ਦੀ ਕਰਾਸ ਕੰਟਰੀ ਟੀਮ ਨੇ ਯੂਨੀਵਰਸਿਟੀ ਕਰਾਸ ਕੰਟਰੀ ਵਿੱਚ 5 ਵਾਰ ਚੈਂਪੀਅਨਸ਼ਿਪ ਜਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਕਰਵਾਈਆਂ ਜਾ ਰਹੀਆਂ ਖ਼ਾਲਸਾਈ ਖੇਡਾਂ ਵਿੱਚ ਵੀ ਇਸ ਕਾਲਜ ਦੇ ਲੜਕਿਆਂ ਨੇ 9 ਵਾਰ ਓਵਰਆਲ ਚੈਂਪੀਅਨਸ਼ਿਪ ‘ਤੇ ਕਬਜ਼ਾ ਕੀਤਾ ਹੈ ਅਤੇ ਇਨ੍ਹਾਂ ਹੀ ਖੇਡਾਂ ਵਿੱਚ ਲੜਕੀਆਂ ਨੇ 10 ਵਾਰੀ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਹੈ

ਸੱਭਿਆਚਾਰਕ ਗਤੀਵਿਧੀਆਂ

ਕਾਲਜ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਪ੍ਰੋਫੈਸਰ ਰਚਨਾ ਤੁਲੀ ਹਨ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਹਰ ਵਰ੍ਹੇ ਕਾਲਜ ਵਿੱਚ ਦੇ ਵਿਹੜੇ ਵਿੱਚ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਸੱਭਿਆਚਾਰਕ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ, ਫਲਾਵਰ ਅਰੇਂਜਮੈਂਟ, ਮਹਿੰਦੀ, ਦਸਤਾਰ ਸਜਾਉਣ, ਰੰਗੋਲੀ, ਖਾਣਾ ਬਣਾਉਣਾ, ਕਿੱਕਲੀ, ਫੋਟੋਗ੍ਰਾਫੀ, ਸਕਿੱਟ, ਫੈਂਸੀ ਡਰੈੱਸ, ਕੋਰੀਓਗ੍ਰਾਫੀ, ਭਾਸ਼ਣ ਆਦਿ ਤੋਂ ਇਲਾਵਾ ਗਿੱਧੇ, ਭੰਗੜੇ ਅਤੇ ਗਤਕੇ ਦੇ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿੰਦੇ ਹਨ। ਕਾਲਜ ਵਿੱਚ ਕਰਵਾਏ ਜਾਂਦੇ ਸੱਭਿਆਚਾਰਕ ਸਮਾਗਮਾਂ ਰਾਹੀਂ ਵਿਦਿਆਰਥੀਆਂ ਵਿੱਚ ਨੈਤਿਕ ਗੁਣਾਂ ਦਾ ਸੰਚਾਰ ਹੋਣ ਦੇ ਨਾਲ ਆਪਣੇ ਅਮੀਰ ਵਿਰਸੇ ਨਾਲ ਵੀ ਜੁੜਨ ਲਈ ਪ੍ਰਤੀਬੱਧ ਹਨ। ਇਸ ਦੇ ਨਾਲ ਹੀ ਪ੍ਰੋਫੈਸਰ ਤੁਲੀ ਦੀ ਅਗਵਾਈ ਹੇਠ ਰੋਟਰੈਕਟ ਕਲੱਬ ਅਤੇ ਵੂਮੈਨ ਵੈੱਲਫੇਅਰ ਸੈੱਲ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ।

ਧਾਰਮਿਕ ਗਤੀਵਿਧੀਆਂ

ਕਾਲਜ ਦੇ ਸੈਸ਼ਨ ਦੀ ਆਰੰਭਤਾ ਹਰ ਵਰ੍ਹੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਓਟ ਆਸਰੇ ਨਾਲ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਬਾਣੀ ਨਾਲ ਜੋੜਨ ਲਈ ਸਹਿਜ ਪਾਠ ਅਤੇ ਅਖੰਡ ਪਾਠ ਸਾਹਿਬ ਦਾ ਅਭਿਆਸ ਕਰਵਾਇਆ ਜਾਂਦਾ ਹੈ। ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਐਸ.ਜੀ.ਪੀ.ਸੀ. ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਹਰ ਵਰ੍ਹੇ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਇਸ ਵਿੱਚ ਕਾਲਜ ਦੇ ਵਿਦਿਆਰਥੀ ਮੈਡਮ ਕੁਲਵੰਤ ਕੌਰ ਅਤੇ ਧਾਰਮਿਕ ਅਧਿਆਪਕ ਬਲਵੀਰ ਸਿੰਘ ਦੀ ਅਗਵਾਈ ਹੇਠ ਵਧ ਚੜ੍ਹ ਕੇ ਭਾਗ ਲੈਂਦੇ ਹਨ।

ਐੱਨ. ਐੱਸ. ਐੱਸ.

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਲਜ ਵਿੱਚ ਐੱਨ.ਐੱਸ.ਐੱਸ. ਦੇ ਦੋ ਯੂਨਿਟ ਸਥਾਪਤ ਹਨ। ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਥਿੰਦ (ਲੜਕਿਆਂ) ਅਤੇ ਡਾ. ਰਵਿੰਦਰ ਕੌਰ (ਲੜਕੀਆਂ) ਦੀ ਅਗਵਾਈ ਕਰ ਰਹੇ ਹਨ। ਕਾਲਜ ਵਿੱਚ ਐੱਨ.ਐੱਸ.ਐੱਸ. ਯੂਨਿਟ ਨਾਲ ਸੰਬੰਧਿਤ 100 ਦੇ ਕਰੀਬ ਵਿਦਿਆਰਥੀ ਹਨ। ਐੱਨ.ਐੱਸ.ਐੱਸ. ਯੂਨਿਟ ‘ਨੋਟ ਮੀ ਬੱਟ ਯੂ” ਮੋਟੋ ਤਹਿਤ ਇਹ ਸੇਵਾ ਕਿਸੇ ਨਿੱਜੀ ਸਵਾਰਥ ਲਈ ਨਹੀਂ ਬਲਕਿ ਸਮੁੱਚੇ ਸਮਾਜ ਨੂੰ ਜਾਗਰਿਤ ਕਰਨ ਲਈ ਕੀਤੀ ਜਾਂਦੀ ਹੈ। ਐੱਨ.ਐੱਸ.ਐੱਸ. ਯੂਨਿਟ ਵੱਲੋਂ ਹਰ ਵਰ੍ਹੇ 7 ਰੋਜ਼ਾ ਕੈਂਪ ਲਗਾਉਣ ਤੋਂ ਬਿਨਾਂ ‘ਵਣ ਮਹਾਂਉਤਸਵ’ ਮਨਾਇਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਇਲਾਕੇ ਵਿੱਚ ਹਰਿਆਵਲ ਭਰਪੂਰ ਮਾਤਰਾ ਵਿੱਚ ਵੇਖਣ ਨੂੰ ਮਿਲ ਜਾਂਦੀ ਹੈ।

ਐੱਨ. ਸੀ. ਸੀ.

ਕਾਲਜ ਕੋਲ ਐੱਨਸੀਸੀ ਦਾ ਆਰਮੀ ਵਿੰਗ ਹੈ ਜੋ 2 ਪੰਜਾਬ ਬਟਾਲੀਅਨ ਜਲੰਧਰ ਨਾਲ ਸਬੰਧਤ ਹੈ। ਇਸ ਯੂਨਿਟ ਦੇ ਕੇਅਰ ਟੇਕਰ ਸਹਾਇਕ ਪ੍ਰੋਫੈਸਰ ਹਰਮਨਪ੍ਰੀਤ ਸਿੰਘ ਹਨ। ਇਸ ਯੂਨਿਟ ਵਿੱਚ 40 ਦੇ ਕਰੀਬ ਵਿਦਿਆਰਥੀ ਟਰੇਨਿੰਗ ਲੈ ਰਹੇ ਹਨ।

ਖੇਡ ਗਤੀਵਿਧੀਆਂ

ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀਆਂ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਹਨ। ਭਗਵੰਤ ਸਿੰਘ ਐਨਆਈਐਸ ਕੋਚ ਦੀ ਕੋਚਿੰਗ ਸਦਕਾ ਬਹੁਤ ਸਾਰੇ ਅੰਤਰਰਾਸ਼ਟਰੀ, ਰਾਸ਼ਟਰੀ, ਅੰਤਰ ਯੂਨੀਵਰਸਿਟੀ, ਸਟੇਟ ਯੂਨੀਵਰਸਿਟੀ ਆਦਿ ਕਈ ਨਵੇਂ ਕੀਰਤੀਮਾਨ ਰਿਕਾਰਡ ਕਾਇਮ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕਾਲਜ ਦੇ (ਲੜਕਿਆਂ) ਨੇ 8 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਾਸ ਕੰਟਰੀ ਚੈਂਪੀਅਨਸ਼ਿਪ ਜਿੱਤੀ ਹੈ। ਇਸ ਦੇ ਨਾਲ ਹੀ ਕਾਲਜ ਦੀਆਂ ਲੜਕੀਆਂ ਦੀ ਕਰਾਸ ਕੰਟਰੀ ਟੀਮ ਨੇ ਯੂਨੀਵਰਸਿਟੀ ਕਰਾਸ ਕੰਟਰੀ ਵਿੱਚ 5 ਵਾਰ ਚੈਂਪੀਅਨਸ਼ਿਪ ਜਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਕਰਵਾਈਆਂ ਜਾ ਰਹੀਆਂ ਖ਼ਾਲਸਾਈ ਖੇਡਾਂ ਵਿੱਚ ਵੀ ਇਸ ਕਾਲਜ ਦੇ ਲੜਕਿਆਂ ਨੇ 9 ਵਾਰ ਓਵਰਆਲ ਚੈਂਪੀਅਨਸ਼ਿਪ ‘ਤੇ ਕਬਜ਼ਾ ਕੀਤਾ ਹੈ ਅਤੇ ਇਨ੍ਹਾਂ ਹੀ ਖੇਡਾਂ ਵਿੱਚ ਲੜਕੀਆਂ ਨੇ 10 ਵਾਰੀ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਹੈ।

ਕੰਪਿਊਟਰ ਵਿਭਾਗ

ਗੁਰੂ ਨਾਨਕ ਖ਼ਾਲਸਾ ਕਾਲਜ ਵਿੱਚ ਪੀ.ਜੀ.ਡੀ.ਸੀ.ਏ. ਅਤੇ ਡੀ.ਸੀ.ਏ. ਦੇ ਕੋਰਸ ਸ਼ਾਨਦਾਰ ਚੱਲ ਰਹੇ ਹਨ। ਕੰਪਿਊਟਰ ਵਿਭਾਗ ਵੱਲੋਂ ਹਰ ਵਰ੍ਹੇ ਇੱਕ ਮਹੀਨੇ ਲਈ ਮੁਫਤ ਕੰਪਿਊਟਰ ਅਵੇਅਰਨੈੱਸ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਦਾ ਲਾਭ ਕਾਲਜ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਭਰਪੂਰ ਰੂਪ ਵਿੱਚ ਲੈਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਅਪਡੇਟ ਰੱਖਣ ਲਈ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਵੀ ਕਰਵਾਇਆ ਜਾਂਦਾ ਹੈ।

ਪੰਜਾਬੀ ਵਿਭਾਗ

ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਵਿੱਚ ਪੰਜਾਬੀ ਦਾ ਪੋਸਟ ਗ੍ਰੈਜੂਏਟ ਵਿਭਾਗ, ਮੁਖੀ ਡਾ. ਬਲਵਿੰਦਰ ਸਿੰਘ ਥਿੰਦ ਦੀ ਅਗਵਾਈ ਹੇਠ ਸਫਲਤਾ ਪੂਰਵਕ ਚੱਲ ਰਿਹਾ ਹੈ। ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਆਪਣੇ ਵਿਰਸੇ, ਸੱਭਿਆਚਾਰ, ਲੋਕਧਾਰਾ ਅਤੇ ਨੈਤਿਕ ਕਦਰਾਂ- ਕੀਮਤਾਂ ਨਾਲ ਜੁੜੇ ਰਹਿਣ ਲਈ ਨਿਰੰਤਰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਸ ਦੌਰਾਨ ਹਰ ਸਾਲ ਕਾਲਜ ਵਿੱਚ ਅਕਾਦਮਿਕ ਸੈਮੀਨਾਰਾਂ ਅਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਉਕਤ ਪ੍ਰਾਪਤੀਆਂ ਤੋਂ ਬਿਨਾਂ ਕਾਲਜ ਵੱਲੋਂ ਵਿਦਿਆਰਥੀਆਂ ਅੰਦਰ ਹੋਰ ਜਾਣਕਾਰੀ ਦੇਣ ਲਈ ਵਿੱਦਿਅਕ, ਸੱਭਿਆਚਾਰਕ ਅਤੇ ਧਾਰਮਿਕ ਟੂਰ ਦਾ ਪ੍ਰਬੰਧ ਵੀ ਹਰ ਵਰ੍ਹੇ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਆਵਾਜਾਈ ਲਈ ਬੱਸ ਸੇਵਾ ਦਾ ਕਾਲਜ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ।

ਅੰਤ ਵਿੱਚ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਕੁਦਰਤੀ ਵਾਤਾਵਰਨ ਵਿੱਚ ਸਥਾਪਿਤ ਬੀਤੇ 50 ਵਰ੍ਹਿਆਂ ਤੋਂ ਗਿਆਨਮਈ ਰਿਸ਼ਮਾਂ ਵੰਡ ਰਿਹਾ ਹੈ। ਇਸ ਕਾਲਜ ਵਿੱਚ ਸ਼ਹਿਰੀ ਜ਼ਿੰਦਗੀ ਤੋਂ ਦੂਰ ਪਿੰਡਾਂ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਡਿਗਰੀਆਂ ਹਾਸਲ ਕਰਕੇ ਆਪਣੇ ਭਵਿੱਖ ਨੂੰ ਰੌਸ਼ਨ ਕਰ ਰਹੇ ਹਨ, ਉੱਥੇ ਸ਼ਖ਼ਸੀਅਤ ਦੇ ਹੋਰ ਉਸਾਰੂ ਪੱਖਾਂ ਦਾ ਗਿਆਨ ਲੈ ਕੇ ਦੇਸ਼-ਵਿਦੇਸ਼ ਵਿੱਚ ਇਸ ਕਾਲਜ ਦਾ ਨਾਮ ਹੋਰ ਉੱਚਾ ਕਰ ਰਹੇ ਹਨ। ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਭਵਿੱਖ ਵਿੱਚ ਵੀ ਇਲਾਕਾ ਨਿਵਾਸੀਆਂ ਦੇ ਹਾਂ-ਪੱਖੀ ਹੁੰਗਾਰੇ ਦੇ ਲਈ ਸਦਾ ਆਸਵੰਦ ਹੈ।

 

Scroll to Top