ਗੁਰੂ ਨਾਨਕ ਜਹਾਜ਼

ਗੁਰੂ ਨਾਨਕ ਜਹਾਜ਼ ਦੀ 111ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵੈਨਕੂਵਰ ‘ਚ ਹੋਇਆ ਸਮਾਗਮ

ਵੈਨਕੂਵਰ, 28 ਮਈ 2025: ਅੱਜ ਤੋਂ 111 ਸਾਲ ਪਹਿਲਾਂ ਕੈਨੇਡਾ ਦੇ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ‘ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ’ ਦੀ ਨਿੱਡਰ ਅਤੇ ਸੁਤੰਤਰ ਹਸਤੀ ਬਾਰੇ, ਵੈਨਕੂਵਰ ਸਮੁੰਦਰੀ ਤੱਟ ‘ਤੇ ਇੱਕ ਸ਼ਾਨਦਾਰ ਸਮਾਗਮ ਉਲੀਕਿਆ ਗਿਆ। ਇਸ ‘ਚ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਿਆਸੀ ਹਸਤੀਆਂ ਤੋਂ ਇਲਾਵਾ, ਵੱਖ-ਵੱਖ ਸੰਸਥਾਵਾਂ, ਉਘੀਆਂ ਸਖ਼ਸ਼ੀਅਤਾਂ ਅਤੇ ਨੌਜਵਾਨ, ਬੱਚੇ ਅਤੇ ਬਜ਼ੁਰਗ ਵੱਡੀ ਗਿਣਤੀ ‘ਚ ਸ਼ਾਮਲ ਹੋਏ |

111 ਸਾਲਾ ਸਮਾਗਮ ‘ਚ ਬੀਸੀ ਖਾਲਸਾ ਦਰਬਾਰ ਵੱਲੋਂ ਹਰਿੰਦਰ ਸਿੰਘ ਸੋਹੀ ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਬੀਬੀ ਬਲਜੀਤ ਕੌਰ ਨੇ ਸਭ ਦਾ ਸਵਾਗਤ ਕੀਤਾ, ਜਦਕਿ ਅਕਾਲੀ ਸਿੰਘ ਸਿੱਖ ਸੁਸਾਇਟੀ ਵੱਲੋਂ ਭਾਈ ਜਸਵੀਰ ਸਿੰਘ ਨੇ ਅਰਦਾਸ ਕੀਤੀ। ਨਿਵਾਸੀ ਭਾਈਚਾਰੇ ਦੀ ਸਿਸੀਲੀਆ ਪੁਆਇੰਟ ਦਾ ਸੰਦੇਸ਼ ਸਾਂਝਾ ਕੀਤਾ | ਇਸਦੇ ਨਾਲ ਹੀ ਖਾਲਸਾ ਸਕੂਲ ਸਰੀ ਅਤੇ ਐਲਡਰਗਰੋਵ ਅਤੇ ਸਿੱਖ ਅਕੈਡਮੀ ਸਰੀ ਦੇ ਬੱਚਿਆਂ ਨੇ ‘ਓ ਕੈਨੇਡਾ’ ਗਾਇਨ ਕੀਤਾ।

ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਗੁਰਦਿੱਤ ਸਿੰਘ ਵੱਲੋਂ ਕਿਰਾਏ ‘ਤੇ ਗਏ ਸਮੁੰਦਰੀ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ ਅਤੇ ਅੱਗੇ ਤੋਂ ਇਤਿਹਾਸਕਾਰਾਂ, ਮੀਡੀਆਕਾਰਾਂ ਅਤੇ ਸਿਆਸਤਦਾਨਾਂ ਨੂੰ ‘ਗੁਰੂ ਨਾਨਕ ਜਹਾਜ਼’ ਸ਼ਬਦ ਹੀ ਵਰਤਣਾ ਚਾਹੀਦਾ ਹੈ। ਗੁਰੂ ਨਾਨਕ ਜਹਾਜ਼ ਹੈਰੀਟੇਜ਼ ਸੁਸਾਇਟੀ ਦੇ ਰਾਜ ਸਿੰਘ ਭੰਡਾਲ ਨੇ ਗੁਰੂ ਨਾਨਕ ਜਹਾਜ਼ ਨਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵੈਨਕੂਵਰ ਸਿਟੀ ਕੌਂਸਲ ਵੱਲੋਂ ਮੁੱਖ ਨਾਮ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਦਾ ਐਲਾਨਨਾਮਾ ਕਰਨ ‘ਤੇ ਧੰਨਵਾਦ ਕੀਤਾ।

ਸਮਾਗਮ ਦੇ ਮੁੱਖ ਮਨੋਰਥ ਵਜੋਂ ਗੁਰੂ ਨਾਨਕ ਜਹਾਜ਼ ਦੀ ਮੌਜੂਦਗੀ ਸਬੰਧੀ ਅਹਿਮ ਮਤੇ ਪਾਸ ਕੀਤੇ, ਜਿਨਾਂ ‘ਚ ਕੈਨੇਡਾ ਸਰਕਾਰ ਵੱਲੋਂ ਮੰਗੀ ਗਈ ਮੁਆਫ਼ੀ ਦੀ ਸ਼ਬਦਾਵਲੀ ਸੋਧਣ ਅਤੇ ਉਸ ‘ਚ ਮੁੱਖ ਨਾਂ ‘ਗੁਰੂ ਨਾਨਕ ਜਹਾਜ’ ਸ਼ਾਮਲ ਕਰਨ ਤੋਂ ਇਲਾਵਾ ਸ਼ਹੀਦ ਭਾਈ ਮੇਵਾ ਸਿੰਘ ਜੀ ਲੋਪੋਕੇ ਸਬੰਧੀ ਕੈਨੇਡਾ ਦਾ ਇਤਿਹਾਸ ਨੂੰ ਦਰੁਸਤ ਕਰਨ ਅਤੇ ਉਹਨਾਂ ਦੀ ਢੁਕਵੀਂ ਯਾਦ ਸਥਾਪਿਤ ਕਰਨ ਬਾਰੇ ਮੰਗਾਂ ਸ਼ਾਮਲ ਕੀਤੀਆਂ ਗਈਆਂ। ਇਹ ਮਤੇ ਅੰਗਰੇਜ਼ੀ ‘ਚ ਤਜਿੰਦਰਪਾਲ ਸਿੰਘ, ਫਰੈਂਚ ਵਿੱਚ ਸਾਹਿਬ ਕੌਰ ਧਾਲੀਵਾਲ ਅਤੇ ਪੰਜਾਬੀ ‘ਚ ਰਣਦੀਪ ਸਿੰਘ ਸੰਧੂ ਵੱਲੋਂ ਪੜੇ ਗਏ ਅਤੇ ਸਾਰਿਆਂ ਦੀ ਪ੍ਰਵਾਨਗੀ ਲਈ ਗਈ।

ਬੀਸੀ ਦੀਆਂ ਵਿਧਾਇਕਾਂ ਜੈਸੀ ਸੁੰਨੜ ਅਤੇ ਸੁਨੀਤਾ ਧੀਰ ਅਤੇ ਵੈਨਕੂਵਰ ਦੇ ਪਾਰਕ ਬੋਰਡ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਨੇ ਬੋਲਦਿਆਂ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕਰਨ ‘ਤੇ ਸਹਿਮਤੀ ਪ੍ਰਗਟਾਈ। ਵੈਨਕੂਵਰ ਦੀ ਸਕੂਲ ਟਰਸਟੀ ਪ੍ਰੀਤੀ ਫਰੀਦਕੋਟ ਦੀ ਬੱਚੀ ਖੁਸ਼ੀ ਕੌਰ ਨੇ ਗੁਰੂ ਨਾਨਕ ਜਹਾਜ ਤੇ ਨਜ਼ਮ ਸੁਣਾਈ। ‘ਗੁਰੂ ਨਾਨਕ ਜਹਾਜ਼’ ਫਿਲਮ ਦੇ ਕਲਾਕਾਰ ਭਞਖੰਡਨ ਸਿੰਘ ਰੱਖੜਾ ਅਤੇ ਅਸ਼ਵਨ ਸਿੰਘ ਨੇ ਫਿਲਮ ਦਾ ਦ੍ਰਿਸ਼ ਪੇਸ਼ ਕਰਕੇ ਲੋਕਾਂ ਦਾ ਮਨ ਮੋਹ ਲਿਆ।

ਗੁਰਦੁਆਰਾ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਤੋਂ ਇਲਾਵਾ ਗੁਰਦੁਆਰਾ ਦੂਖ ਨਿਵਾਰਨ ਸਰੀ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ, ਖਾਲਸਾ ਦੀਵਾਨ ਸੁਸਾਇਟੀ ਸੁਖ ਸਾਗਰ ਨਿਊ ਵੈਸਟਮਿਨਿਸਟਰ, ਗੁਰੂ ਨਾਨਕ ਨਿਵਾਸ ਗੁਰਦੁਆਰਾ ਰਿਚਮੰਡ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ, ਗੁਰਦੁਆਰਾ ਸਾਹਿਬ ਬੁਕਸਾਈਡ ਸਰੀ, ਨਾਨਕਸਰ ‘ਚ ਰਿਚਮੰਡ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਨੇ ਗੁਰੂ ਨਾਨਕ ਜਹਾਜ਼ ਸ਼ਬਦ ਵਰਤਣ ਦਾ ਅਹਿਦ ਲਿਆ।

ਗੁਰਦੁਆਰਾ ਸੰਸਥਾਵਾਂ ਤੋਂ ਇਲਾਵਾ ਪਾਕਿਸਤਾਨ ਦੀ ਰਾਜਸੀ ਸਖ਼ਸ਼ੀਅਤ ਅਤੇ ਸਾਬਕਾ ਪਾਰਲੀਮੈਂਟ ਸਕੱਤਰ ਰਾਏ ਅਜ਼ੀਜ਼ ੳੱਲਾ ਖਾਨ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸੁਨੀਲ ਕੁਮਾਰ ਸ਼ਰਮਾ, ਇਮਤਿਆਜ਼ ਪੋਪਟ ਤੇ ਨੌਜਵਾਨ ਵਕੀਲ ਬਲਪ੍ਰੀਤ ਸਿੰਘ ਖਟੜਾ ਸਮੇਤ ਕਈ ਬੁਲਾਰਿਆਂ ਨੇ ਗੁਰੂ ਨਾਨਕ ਜਹਾਜ਼ ਦੀ ਮਹੱਤਤਾ ਬਾਰੇ ਵਿਚਾਰ ਦਿੱਤੇ। ਖਾਲਸਾ ਸਕੂਲ ਦੇ ਸਿੰਘ-ਸਿੰਘਣੀਆਂ ਨੇ ਗੱਤਕੇ ਦੇ ਜੌਹਰ ਦਿਖਾਏ ਅਤੇ ਯੋਧਿਆਂ ਦੀਆਂ ਢਾਡੀ ਵਾਰਾਂ ਸਰਵਣ ਕਰਾਈਆਂ। ਸਿੱਖ ਅਕੈਡਮੀ ਸਰੀ ਦੇ ਬੱਚਿਆਂ ਨੇ ਗੁਰੂ ਨਾਨਕ ਜਹਾਜ਼ ਤੇ ਇਕਾਂਗੀ ਪੇਸ਼ ਕੀਤੀ।

ਇਸ ਮੌਕੇ ‘ਤੇ ਹਾਜ਼ਰ ਸ਼ਖਸੀਅਤਾਂ ‘ਚ ਸਿੱਖ ਸੰਸਥਾ ਸਿੱਖ ਹੈਰੀਟੇਜ ਵੈਨਕੂਵਰ ਦੇ ਸੇਵਾਦਾਰ ਤਾਜ ਸਿੰਘ, ਕਾਮਾਗਾਟਾਮਾਰੂ ਹੈਰੀਟੇਜ਼ ਫਾਊਂਡੇਸ਼ਨ ਦੇ ਹਰਭਜਨ ਸਿੰਘ ਗਿੱਲ, ਜਗਰੂਪ ਸਿੰਘ ਖੇੜਾ, ਲਾਟ ਭਿੰਡਰ ਐਡਮਿੰਟਨ, ਡਾਕਟਰ ਅਵਲੀਨ ਕੌਰ ਤੇ ਅਨੇਕਾਂ ਹੋਰ ਸ਼ਾਮਲ ਸਨ, ਜਦ ਕਿ ਸਿੱਖ ਮੋਟਰ ਸਾਈਕਲ ਸਵਾਰਾਂ ਦੇ ਕਲੱਬਾਂ ਦੇ ਮੋਢੀ ਅਵਤਾਰ ਸਿੰਘ ਢਿੱਲੋ ਨੇ ਸਮਾਗਮ ‘ਚ ਵਿਸ਼ੇਸ਼ ਹਾਜ਼ਰੀ ਭਰੀ ।

ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਉਲੀਕੇ ਇਸ ਪ੍ਰੋਗਰਾਮ ‘ਚ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ਼ ਨੇ ਅਹਿਮ ਭੂਮਿਕਾ ਨਿਭਾਈ। ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਵਿਸ਼ੇਸ਼ਕਰ ਮੀਡੀਏ ਦਾ ਧੰਨਵਾਦ ਡਾਕਟਰ ਮਾਨ ਵੱਲੋਂ ਕੀਤਾ ਗਿਆ। ਕਰੀਬ ਤਿੰਨ ਘੰਟੇ ਚੱਲਿਆ ਇਹ ਪ੍ਰੋਗਰਾਮ ਯਾਦਗਾਰੀ ਹੋਰ ਨਿਬੜਿਆ ਅਤੇ ਪੰਜਾਬੀਆਂ ਤੋਂ ਇਲਾਵਾ, ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਇਸ ਦਾ ਆਨੰਦ ਮਾਣਿਆ।

Read More: ਕਲੀਵਲੈਂਡ ਵਿਖੇ ਰੀਜਨਲ ‘ਸਿੱਖ ਯੂਥ ਸਿਮਪੋਜ਼ੀਅਮ 2024’ ਕਰਵਾਇਆ

Scroll to Top