ਦੇਹਲਾਂ ਸੀਹਾਂ

ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਦੇਹਲਾਂ ਸੀਹਾਂ ਵਿਖੇ ਗੁਰਮਤਿ ਸਮਾਗਮ

ਦੇਹਲਾਂ ਸ਼ੀਹਾਂ/ਮੂਨਕ, 11 ਫਰਵਰੀ 2023: ਕਸਬਾ ਮੂਨਕ ਤੋਂ ਥੋੜੀ ਦੂਰ ਪਿੰਡ ਦੇਹਲਾਂ ਸ਼ੀਹਾਂ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੇ ਦੋ ਸੌ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੂਜੀ ਸ਼ਹੀਦੀ ਸ਼ਤਾਬਦੀ ਵਿਸ਼ੇਸ਼ ਦੋ ਰੋਜ਼ਾ ਧਾਰਮਿਕ ਗੁਰਮਤਿ ਸਮਾਗਮ ਹੋਇਆ।

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਤੇ ਸ੍ਰ. ਹਰੀ ਸਿੰਘ ਨਲਵਾ ਖਾਲਸਾ ਰਾਜ ਦੇ ਥੰਮ੍ਹ ਸਨ ਇਨ੍ਹਾਂ ਦੇ ਜੀਵਨ ਕਾਲ ਵਿੱਚ ਨਾ ਅੰਗਰੇਜ਼ ਤੇ ਨਾ ਡੋਗਰੇ ਆਪਣੀ ਮਨਸ਼ਾ ਪੂਰੀ ਕਰ ਸਕੇ, ਉਨ੍ਹਾਂ ਦੀ ਸ਼ਹੀਦੀ ਉਪਰੰਤ ਹੀ ਸਿੱਖ ਰਾਜ ਹੋਲੀ ਹੋਲੀ ਢਹਿਦਾ ਢਹਿੰਦਾ ਢਹਿ ਗਿਆ।

ਉਨ੍ਹਾਂ ਕਿਹਾ ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਦੀ ਸਲਾਹ ਵਿਚ ਹੀ ਘਿਰਿਆ ਰਿਹਾ। ਸਿੱਖ ਯੋਧੇ ਉਸ ਨੂੰ ਡੋਗਰਿਆਂ ਤੋਂ ਸੁਚੇਤ ਕਰਦੇ ਰਹੇ ਪਰ ਮਹਾਰਾਜਾ ਰਣਜੀਤ ਸਿੰਘ ਦੇ ਅਵੇਸਲੇਪਣ ਕਾਰਨ ਖਾਲਸਾ ਰਾਜ ਦਾ ਪੱਤਨ ਹੋ ਗਿਆ।

ਸਿੰਘ ਸਾਹਿਬ ਨੇ ਕਿਹਾ ਸ਼ੋਸਲ ਮੀਡੀਏ ਤੇ ਜੋ ਪਰੋਸਿਆ ਜਾ ਰਿਹਾ ਹੈ ਉਹ ਇਤਿਹਾਸਕ ਕਸਵੱਟੀ ਤੇ ਪੂਰਾ ਨਹੀਂ ਉਤਰ ਰਿਹਾ। ਨੌਜਵਾਨ ਪੀੜੀ ਨੂੰ ਚੰਗੀਆਂ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹਨ। ਜੇਕਰ ਸਿੱਖ ਆਪਣੇ ਇਤਿਹਾਸ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਪੁਰਾਤਨ ਗ੍ਰੰਥਾਂ ਨਾਲ ਸਾਂਝ ਬਨਾਈ ਰੱਖਣੀ ਲਾਜ਼ਮੀ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਤੇ ਸ਼ਹੀਦੀ ਤੀਕ ਦਾ ਸਫ਼ਰ ਫ਼ਖਰ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਜੀ ਨੇ ਬੁੱਢਾ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਲਾ ਮਿਸਾਲੀ ਹੈ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮਾਗਮ ਵਿੱਚ ਪੁਜੀਆਂ ਸੰਗਤਾਂ ਨੂੰ ਜੀ ਅਇਆਂ ਕਿਹਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇਸ ਨਗਰ ਵਿਚ ਜਨਮ ਲੈ ਕੇ ਸੰਸਾਰ ਦੇ ਇਤਿਹਾਸ ਵਿਚ ਅਮਰ ਕਰ ਦਿਤਾ। ਉਨ੍ਹਾਂ ਕਿਹਾ ਕਿ ਕੱਲ ਸਵੇਰੇ ਇਤਿਹਾਸਕ ਪਰੰਪਰਾਵਾਂ ਰਵਾਇਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੁਰਾਤਨ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਤਾਬਿਆਂ ਸ਼ਹੀਦੀ ਫਤਹਿ ਮਾਰਚ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰੰਭ ਹੋਵੇਗਾ ਸਭ ਇਲਾਕਾ ਨਿਵਾਸੀ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀ ਭਰਨ।

ਬਾਬਾ ਬਲਬੀਰ ਸਿੰਘ ਨੇ ਕਿਹਾ ਬਾਬਾ ਫੂਲਾ ਸਿੰਘ ਦੀਆਂ ਸਾਨਾਮੱਤੀਆਂ ਸਿਖਿਆਵਾਂ ਨੂੰ ਜੀਵਨ ਵਿਚ ਧਾਰਨ ਕਰਨ ਲੋੜ ਹੈ। ਉਨ੍ਹਾਂ ਕਿਹਾ ਨਗਰ ਕੀਰਤਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਸਹਿਯੋਗ ਹੈ। ਬੁੱਢਾ ਦਲ ਨੂੰ ਬਖਸ਼ਿਸ਼ ਗੁਰੂ ਸਾਹਿਬਾਨ ਤੇ ਸੂਰਬੀਰ ਯੋਧਿਆਂ ਦੇ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਗਏ ਜਿਸ ਵਿਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਵਿਸ਼ੇਸ਼ ਸ਼ਸਤਰ ਸ਼ਾਮਲ ਸਨ। ਇਨ੍ਹਾਂ ਸ਼ਸਤਰਾਂ ਦੇ ਇਤਿਹਾਸ ਤੋਂ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਨੇ ਸਾਂਝ ਪਾਈ।

ਇਸ ਧਾਰਮਿਕ ਦੀਵਾਨ ਵਿੱਚ ਕੌਮੀ ਵਿਦਵਾਨਾਂ, ਰਾਗੀ, ਢਾਡੀ, ਕਵੀਸ਼ਰ ਜਥਿਆਂ ਨੇ ਆਪਣੇ ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਸੰਘਰਸ਼ ਅਤੇ ਜੰਗਾਂ ਯੁੱਧਾਂ ਵਿੱਚ ਨਿਭਾਈ ਸ਼ਾਨਦਾਨ ਭੂਮਿਕਾ ਦਾ ਹਾਲ ਸੰਗਤਾਂ ਨਾਲ ਸਾਂਝਾ ਕੀਤਾ। ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਕਿਹਾ ਕਿ ਅਜਿਹੇ ਮਹਾਨ ਸੂਰਬੀਰ ਦੇ ਦੋ ਸੌ ਸਾਲ ਬਾਅਦ ਉਨ੍ਹਾਂ ਦੀ ਸ਼ਹੀਦੀ ਸ਼ਤਾਬਦੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਵਲੋਂ ਮਨਾਉਣੀ ਇਕ ਇਤਿਹਾਸਕ ਚੰਗਾ ਉਪਰਾਲਾ ਹੈ।

ਪੁਰਖਿਆਂ ਦਾ ਇਤਿਹਾਸ ਅਜੋਕੀ ਸ਼ੇ੍ਰਣੀ ਲਈ ਮਾਰਗ ਦਰਸ਼ਨ ਹੈ। ਪੰਥਕ ਕਥਾਕਾਰ ਗਿਆਨੀ ਸ਼ੇਰ ਸਿੰਘ ਨੇ ਅਕਾਲੀ ਫੂਲਾ ਸਿੰਘ ਦੇ ਜੀਵਨ ਅਤੇ ਸਿਧਾਂਤਕ ਪਹਿਰੇਦਾਰੀ ਦੀ ਗੱਲ ਕਰਦਿਆਂ ਕਿਹਾ ਕਿ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਸਿੱਖੀ ਸਿਧਾਂਤਾ ਨੂੰ ਪ੍ਰਨਾਈ ਹੋਈ ਮਹਾਨ ਸਖਸ਼ੀਅਤ ਸਨ। ਬੀਬੀ ਪ੍ਰੀਤਮ ਜੋਤੀ ਹਰੀ, ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਖੰਡਾ ਖੜਕੇਗਾ, ਬਾਬਾ ਤਰਸੇਮ ਸਿੰਘ ਮੋਰਾਂਵਾਲੀ ਢਾਡੀ, ਭਾਈ ਪ੍ਰਿਤਪਾਲ ਸਿੰਘ ਪਟਿਆਲਾ, ਬਾਬਾ ਮੱਘਰ ਸਿੰਘ ਹੈਡ ਗ੍ਰੰਥੀ ਬੁੱਢਾ ਦਲ, ਭਾਈ ਭੁਪਿੰਦਰ ਸਿੰਘ ਕਥਾਵਾਚਕ, ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਗਿਆਨੀ ਹਰਦੀਪ ਸਿੰਘ ਦਮਦਮੀ ਟਕਸਾਲ ਜੱਥਾ ਭਿੰਡਰਾਂ, ਬਾਬਾ ਜਸਵਿੰਦਰ ਸਿੰਘ ਜੱਸੀ ਯੂ.ਐਸ.ਏ, ਡਾ. ਸਤਪ੍ਰੀਤ ਹਰੀ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਗੁਰਪ੍ਰੀਤ ਸਿੰਘ ਲਾਡਰਾਂ, ਭਾਈ ਮਹਿਲ ਸਿੰਘ ਕਵੀਸ਼ਰ ਨੇ ਆਪਣੇ ਵਿਚਾਰਾਂ ਰਾਹੀਂ ਅਕਾਲੀ ਬਾਬਾ ਫੂਲਾ ਸਿੰਘ ਨੂੰ ਯਾਦ ਕੀਤਾ।

ਬੁੱਢਾ ਦਲ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਪ੍ਰਾਣੀ ਗੁਰੂ ਦੇ ਲੜ ਲੱਗੀਆਂ ਗੁਰੂ ਲਾਡਲੀਆਂ ਫੌਜਾਂ ਵੱਲੋਂ ਵਿਸ਼ੇਸ਼ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ ਸਮੁੱਚੇ ਭਾਰਤ ਵਿਚੋਂ ਵੀਹ ਗੱਤਕਾ ਟੀਮਾਂ ਨੇ ਭਾਗ ਲਿਆ ਜੇਤੂ ਟੀਮਾਂ ਨੂੰ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਵਿਸ਼ੇਸ਼ ਇਨਾਮ ਦਿੱਤੇ ਗਏ। ਸਮਾਗਮ ਵਿਚ ਪੁਜੀਆਂ ਵਿਸ਼ੇਸ਼ ਸਖਸ਼ੀਅਤਾਂ ਦਾ ਬੁੱਢਾ ਦਲ ਵੱਲੋਂ ਸਨਮਾਨ ਕੀਤਾ ਗਿਆ।

ਇਸ ਸਮਾਗਮ ਨੂੰ ਸਫਲਤਾ ਦੇਣ ਲਈ ਗੁਰਦੁਆਰਾ ਜਨਮ ਅਸਥਾਨ ਬਾਬਾ ਫੂਲਾ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕਾਬਲ ਸਿੰਘ, ਸ. ਬਲਵਿੰਦਰ ਸਿੰਘ, ਸ. ਜਸਪਾਲ ਸਿੰਘ ਦੇਹਲਾਂ, ਸ. ਗੋਰਾ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਚਮਕੌਰ ਸਿੰਘ, ਸ. ਸੁਖਜਿੰਦਰ ਸਿੰਘ ਆਦਿ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਬਾਬਾ ਤਰਲੋਚਨ ਸਿੰਘ ਖਡੂਰ ਸਾਹਿਬ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਰਣਜੋਧ ਸਿੰਘ, ਬਾਬਾ ਸਰਵਣ ਸਿੰਘ ਮੁਝੈਲ, ਬਾਬਾ ਖੜਕ ਸਿੰਘ, ਬਾਬਾ ਕਰਮ ਸਿੰਘ, ਬਾਬਾ ਮਾਨ ਸਿੰਘ, ਬਾਬਾ ਜਰਨੈਲ ਸਿੰਘ ਬਰੇਟਾ, ਸ. ਜਸਪਾਲ ਸਿੰਘ ਦੇਹਲਾਂ ਸ਼ੀਹਾਂ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਲੱਖਾ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ।

Scroll to Top