ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜਨਵਰੀ, 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਗੁਰਦੁਆਰਾ ਬੋਰਡ ਚੋਣਾਂ (Elections) ਲਈ ਵੱਧ ਤੋਂ ਵੱਧ ਵਿਅਕਤੀਆਂ ਨੂੰ ਵੋਟਰ (Voter) ਵਜੋਂ ਨਾਮਜ਼ਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਫਲ ਮਿਲਿਆ ਹੈ ਕਿਉਂਕਿ ਹੁਣ ਤੱਕ 40,000 ਦੇ ਕਰੀਬ ਵਿਅਕਤੀਆਂ ਦੇ ਫ਼ਾਰਮ ਪ੍ਰਾਪਤ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਗਿਣਤੀ 10,000 ਦੇ ਕਰੀਬ ਸੀ ਅਤੇ ਗੁਰਦੁਆਰਾ ਕਮੇਟੀਆਂ ਤੱਕ ਪਹੁੰਚ ਕਰਕੇ ਅਤੇ ਯੋਗ ਵੋਟਰਾਂ ਨੂੰ ਜਾਗਰੂਕ ਕਰਨ ਦੀ ਅਪੀਲ ਕਰਨ ਤੋਂ ਬਾਅਦ ਵੋਟਰ ਫਾਰਮਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਗੁਰਦੁਆਰਿਆਂ ਵਿੱਚ ਸ਼ੁਰੂ ਕੀਤੇ ਗਏ ਵਿਸ਼ੇਸ਼ ਕੈਂਪਾਂ ਦਾ ਭਰਪੂਰ ਲਾਭ ਮਿਲਿਆ ਹੈ ਅਤੇ ਅਸੀਂ ਵੋਟਰਾਂ ਦੇ ਫਾਰਮਾਂ ਦੀ ਗਿਣਤੀ ਵਿੱਚ ਲਗਾਤਾਰ ਅਤੇ ਨਿਰੰਤਰ ਵਾਧਾ ਦਰਜ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਪਟਵਾਰੀ ਅਤੇ ਸ਼ਹਿਰੀ ਖੇਤਰਾਂ ਵਿੱਚ ਮਿਉਂਸਪਲ ਸਟਾਫ਼ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਯੋਗ ਸਿੱਖ ਵੋਟਰਾਂ ਨੂੰ ਪੰਜੀਕਰਣ ਲਈ ਲਾਮਬੰਦ ਕਰ ਰਿਹਾ ਹੈ।
ਮਾਘੀ ਅਤੇ ਗੁਰਪੁਰਬ ਦੇ ਅਵਸਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਕ੍ਰਮਵਾਰ 4517 ਅਤੇ 3657 ਫਾਰਮ ਪ੍ਰਾਪਤ ਹੋਏ ਹਨ। ਸਬ ਡਵੀਜ਼ਨ ਵਾਰ ਫਾਰਮਾਂ ਦੀ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਹਾਲੀ ਨੇ ਹੁਣ ਤੱਕ 14303, ਡੇਰਾਬੱਸੀ ਨੇ 13209 ਜਦਕਿ ਖਰੜ ਨੇ 12733 ਦਾ ਯੋਗਦਾਨ ਪਾਇਆ ਹੈ। ਦਿਲਚਸਪ ਤੱਥ ਇਹ ਹੈ ਕਿ ਔਰਤਾਂ ਵੱਲੋਂ ਜਮ੍ਹਾਂ ਕਰਵਾਏ ਗਏ ਫਾਰਮ ਮਰਦਾਂ ਨਾਲੋਂ ਵਧੇਰੇ ਹਨ। ਔਰਤਾਂ ਵੱਲੋਂ 22490 ਅਤੇ ਪੁਰਸ਼ਾਂ ਵੱਲੋਂ 17399 ਫਾਰਮ ਜਮ੍ਹਾਂ ਕਰਵਾਏ ਗਏ ਹਨ।
ਉਨ੍ਹਾਂ ਨੇ ਯੋਗ ਸਿੱਖ ਵੋਟਰਾਂ (Voter) ਨੂੰ ਫਾਰਮ ਭਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਕਿਉਂਕਿ ਰਜਿਸਟ੍ਰੇਸ਼ਨ ਮੁਹਿੰਮ ਦੀ ਆਖਰੀ ਮਿਤੀ ਨੇੜੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 29 ਫਰਵਰੀ ਹੈ। ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਵਾਈਜ਼ਿੰਗ ਅਫ਼ਸਰ ਅਥਾਰਟੀਆਂ ਨੂੰ ਵੀ ਕਿਹਾ ਹੈ ਕਿ ਉਹ ਗੁਰਦੁਆਰਾ ਬੋਰਡ ਚੋਣਾਂ ਲਈ ਵੱਧ ਤੋਂ ਵੱਧ ਯੋਗ ਵੋਟਰਾਂ ਦੇ ਨਾਮ ਦਰਜ ਕਰਵਾਉਣ ਲਈ ਮੁਹਿੰਮ ਨੂੰ ਹੋਰ ਤੇਜ਼ ਕਰਨ।