ਚੰਡੀਗੜ੍ਹ, 25 ਅਕਤੂਬਰ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਅੰਮ੍ਰਿਤਸਰ ਜ਼ਿਲ੍ਹੇ ‘ਚ ਕਰੋੜਾਂ ਰੁਪਏ ਦੇ ਝੋਨੇ ਘਪਲੇ ਮਾਮਲੇ ‘ਚ ਗੁਲਸ਼ਨ ਜੈਨ ਗ੍ਰਿਫਤਾਰ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਸਾਲ 2019 ‘ਚ ਗੁਲਸ਼ਨ ਜੈਨ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਸੀ | ਵਿਜੀਲੈਂਸ ਉਨ੍ਹਾਂ ਦੀ ਉਕਤ ਮਾਮਲੇ ‘ਚ ਭਾਲ ਕਰ ਰਹੀ ਸੀ |
ਇਸ ਘਪਲੇ ਮਾਮਲੇ ‘ਚ ਕੀਤੀ ਗ੍ਰਿਫਤਾਰੀ ਬਾਰੇ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਗੁਲਸ਼ਨ ਜੈਨ ਨੂੰ ਐੱਫ.ਆਈ.ਆਰ. ਨੰਬਰ-44, ਤਾਰੀਖ਼ 05 ਅਪ੍ਰੈਲ 2018 ਦੇ ਸੰਬੰਧ ‘ਚ ਗ੍ਰਿਫਤਾਰ ਕੀਤਾ ਗਿਆ ਹੈ | ਵਿਜੀਲੈਂਸ ਮੁਤਾਬਕ ਗੁਲਸ਼ਨ ਜੈਨ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਦਾ ਰਹਿਣ ਵਾਲਾ ਹੈ |
ਮੁਲਜ਼ਮ ਗੁਲਸ਼ਨ ਜੈਨ ਖ਼ਿਲਾਫ਼ ਇਹ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਜੰਡਿਆਲਾ ਗੁਰੂ ‘ਚ ਆਈ.ਪੀ.ਸੀ ਦੀਆਂ ਧਾਰਾਵਾਂ 406, 409, 420, 467, 468, 471, ਅਤੇ 120-B ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕੂ ਐਕਟ-1988 ਦੀ ਧਾਰਾ 13 (1) (ਡੀ) ਅਤੇ 13 (2) ਦੇ ਤਹਿਤ ਦਰਜ ਕੀਤਾ ਸੀ।
ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਮੁਤਾਬਕ ਇਸ ਮਾਮਲੇ ‘ਚ ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ ਦੇ ਡਾਇਰੈਕਟਰਾਂ/ਮਾਲਕਾਂ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜੋ ਕਿ ਗੁਲਸ਼ਨ ਜੈਨ ਦੇ ਪਰਿਵਾਰਕ ਮੈਂਬਰ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਮਿੱਲ ਨੂੰ ਅਲਾਟ ਕੀਤੇ ਗਏ ਕਰੀਬ 33.6 ਕਰੋੜ ਰੁਪਏ ਦੇ ਝੋਨੇ ਦੀ ਹੇਰਾਫੇਰੀ ਅਤੇ ਗਬਨ ਕਰਨ ਦੇ ਦੋਸ਼ ਹੇਠ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ |
ਵਿਜੀਲੈਂਸ (Vigilance)ਦੇ ਬੁਲਾਰੇ ਮੁਤਾਬਕ ਉਕਤ ਮੁਲਜ਼ਮ ਡੀ.ਐਫ. ਐੱਸ. ਓ. ਰਮਿੰਦਰ ਸਿੰਘ ਬਾਠ, ਏ. ਐੱਫ. ਐੱਸ. ਓ. ਵਿਪਨ ਸ਼ਰਮਾ, ਇੰਸਪੈਕਟਰ ਗੁਰਜਿੰਦਰ ਕੁਮਾਰ, ਅੰਕੜਾ ਤਕਨੀਕੀ ਸਹਾਇਕ (STA) ਪਰਮਿੰਦਰ ਸਿੰਘ ਭਾਟੀਆ ਅਤੇ ਡੀ.ਐਫ. ਐੱਸ. ਸੀ., ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਸਬੰਧਿਤ ਅਦਾਲਤ ‘ਚ ਉਨ੍ਹਾਂ ਵਿਰੁੱਧ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ |
ਵਿਜੀਲੈਂਸ ਨੇ ਦੱਸਿਆ ਕਿ ਮਿੱਲ ਦੇ ਡਾਇਰੈਕਟਰਾਂ/ਮਾਲਕਾਂ ਨੇ ਜੰਡਿਆਲਾ ਗੁਰੂ ਸਥਿਤ ਪੰਜਾਬ ਨੈਸ਼ਨਲ ਬੈਂਕ ਨਾਲ ਵੀ ਕਥਿਤ ਤੌਰ ‘ਤੇ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ 24 ਅਪ੍ਰੈਲ 2018 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਇਸ ਸਮੇਂ ਮੋਹਾਲੀ ‘ਚ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (SIT) ‘ਚ ਆਰਥਿਕ ਅਪਰਾਧ ਵਿੰਗ (EOW) ਦੇ ਵਧੀਕ ਇੰਸਪੈਕਟਰ ਜਨਰਲ (ਏਆਈਜੀ) ਦੀ ਨਿਗਰਾਨੀ ਹੇਠ ਅਗਲੀ ਜਾਂਚ ਚੱਲ ਰਹੀ ਹੈ। ਗੁਲਸ਼ਨ ਜੈਨ ਸਮੇਤ ਪੰਜ ਮੁਲਜ਼ਮਾਂ ਨੂੰ ਅਦਾਲਤ ਨੇ ਸਾਲ 2019 ‘ਚ ਭਗੌੜਾ ਕਰਾਰ ਦਿੱਤਾ ਸੀ।
Read More: ਅੰਮ੍ਰਿਤਸਰ ‘ਚ ਦੇਰ ਰਾਤ ਸਨਸਨੀਖੇਜ ਘਟਨਾ, ਸੜਕ ‘ਤੇ ਮਿਲੀਆਂ ਨੌਜਵਾਨਾਂ ਦੀਆਂ ਲਾ.ਸ਼ਾਂ
ਵਿਜੀਲੈਂਸ ਨੇ ਦੱਸਿਆ ਕਿ 03 ਜੁਲਾਈ 2024 ਦੇ ਆਪਣੇ ਐਲਾਨਨਾਮੇ ਅਤੇ ਲੁੱਕ ਆਊਟ ਸਰਕੂਲਰ (LOC) ਨੂੰ ਪਾਸੇ ਰੱਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਲਸ਼ਨ ਜੈਨ ਨੂੰ 30 ਸਤੰਬਰ 2024 ਨੂੰ ਜਾਂ ਇਸ ਤੋਂ ਪਹਿਲਾਂ ਸਬੰਧਤ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਏ. ਆਈ.ਜੀ., ਈ.ਓ. ਡਬਲਯੂ, ਪੰਜਾਬ ਦੇ ਦਫ਼ਤਰ ਨੇ ਇਸ ਮਾਮਲੇ ਸਬੰਧੀ ਡਾਇਰੈਕਟਰ ਬਿਊਰੋ ਆਫ਼ ਇਮੀਗ੍ਰੇਸ਼ਨ ਨੂੰ ਸੂਚਿਤ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਗੁਲਸ਼ਨ ਜੈਨ ਨੂੰ ਏਜੰਸੀ ਵੱਲੋਂ ਦਰਜ ਕੀਤੇ ਹੋਰ ਮਾਮਲਿਆਂ ਦੇ ਸਬੰਧ ‘ਚ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ, ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਬਿਊਰੋ ਨੇ ਉਸ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਤੋਂ ਬਾਅਦ ਵੀਰਵਾਰ ਨੂੰ ਉਕਤ ਮਾਮਲੇ ‘ਚ ਉਸ ਨੂੰ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਅਦਾਲਤ ਤੋਂ ਮੁਲਜ਼ਮਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ |