ਚੰਡੀਗੜ੍ਹ, 20 ਅਪ੍ਰੈਲ 2023: ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਨੇ ਅੱਜ ਗੁਜਰਾਤ ਦੇ ਨਰੋਦਾ ਦੰਗਿਆਂ (Naroda Riots case) ਦੇ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ । ਸਪੈਸ਼ਲ ਜਸਟਿਸ ਐਸ ਕੇ ਬਖਸ਼ੀ ਦੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦਰਅਸਲ, 28 ਫਰਵਰੀ 2002 ਨੂੰ ਅਹਿਮਦਾਬਾਦ ਸ਼ਹਿਰ ਦੇ ਨਰੋਦਾ ਗਾਮ ਇਲਾਕੇ ਵਿੱਚ ਫਿਰਕੂ ਹਿੰਸਾ ਵਿੱਚ 11 ਜਣੇ ਮਾਰੇ ਗਏ ਸਨ।
ਇਸ ਮਾਮਲੇ ਵਿੱਚ 86 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, 86 ਵਿੱਚੋਂ, ਹੁਣ ਤੱਕ 18 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਦੀ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਾਇਆ ਕੋਡਨਾਨੀ ਅਤੇ ਬਜਰੰਗ ਦਲ ਦੇ ਆਗੂ ਬਾਬੂ ਬਜਰੰਗੀ ਵੀ 86 ਮੁਲਜ਼ਮਾਂ ਵਿੱਚ ਸ਼ਾਮਲ ਸਨ।
ਘਟਨਾ ਦੇ 21 ਸਾਲ ਬਾਅਦ ਵੀਰਵਾਰ ਨੂੰ ਸੁਣਾਏ ਗਏ ਫੈਸਲੇ ‘ਚ ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਦੇ ਦੋਸ਼ ਨੂੰ ਸਾਬਤ ਕਰਨ ਲਈ ਪੁਖਤਾ ਸਬੂਤ ਨਹੀਂ ਮਿਲੇ ਹਨ। ਪੀੜਤ ਧਿਰ ਦੇ ਵਕੀਲ ਸ਼ਮਸ਼ਾਦ ਪਠਾਨ ਨੇ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਵਾਂਗੇ। ਜ਼ਿਕਰਯੋਗ ਹੈ ਕਿ 27 ਫਰਵਰੀ 2002 ਨੂੰ ਕਾਰ ਸੇਵਕਾਂ ਨਾਲ ਭਰੀ ਟਰੇਨ ਅਯੁੱਧਿਆ ਤੋਂ ਵਾਪਸ ਆ ਰਹੀ ਸੀ, ਜਿਸ ‘ਤੇ ਹਮਲਾ ਹੋਇਆ ਸੀ। ਗੋਧਰਾ ਰੇਲ ਕਾਂਡ ਵਿੱਚ 58 ਜਣੇ ਮਾਰੇ ਗਏ ਸਨ। ਇੱਕ ਦਿਨ ਬਾਅਦ ਅਹਿਮਦਾਬਾਦ ਸ਼ਹਿਰ ਦੇ ਨਰੋਦਾ ਗਾਮ ਇਲਾਕੇ (Naroda Riots case) ਵਿੱਚ ਇਹ ਹਿੰਸਾ ਹੋਈ ਸੀ