ਚੰਡੀਗੜ੍ਹ 01 ਦਸੰਬਰ 2022: (Gujarat Assembly election 2022) ਗੁਜਰਾਤ ‘ਚ ਪਹਿਲੇ ਪੜਾਅ ‘ਚ 89 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ। ਗੁਜਰਾਤ (Gujarat) ਦੇ 19 ਜ਼ਿਲ੍ਹਿਆਂ ਦੀਆਂ ਇਨ੍ਹਾਂ 89 ਵਿਧਾਨ ਸਭਾ ਸੀਟਾਂ ‘ਤੇ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ । ਇਸਦੇ ਨਾਲ ਹੀ ਸਵੇਰ 9 ਵਜੇ ‘ਤੇ 4.92 ਫ਼ੀਸਦੀ ਵੋਟਿੰਗ ਦਰਜ ਕੀਤੀ ਹੈ | ਇਨ੍ਹਾਂ ਵਿੱਚ ਕਈ ਵੱਡੇ ਨਾਂ ਵੀ ਸ਼ਾਮਲ ਹਨ। ਦੂਜੇ ਪਾਸੇ ਦੂਜੇ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਆਖਰੀ ਦੌਰ ਚੱਲ ਰਿਹਾ ਹੈ। ਅਜਿਹੇ ਵਿੱਚ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਦਿੱਗਜ ਆਗੂਆਂ ਦੀਆਂ ਚੋਣ ਰੈਲੀਆਂ ਹੋਣੀਆਂ ਹਨ।
ਇਸ ਮੌਕੇ ਗੁਜਰਾਤ (Gujarat) ਵਿਧਾਨ ਸਭਾ ਦੀ ਸਪੀਕਰ ਨੀਮਾਬੇਨ ਆਚਾਰੀਆ ਨੇ ਭੁਜ ਦੇ ਇੱਕ ਪੋਲਿੰਗ ਸਟੇਸ਼ਨ ‘ਤੇ ਪਹਿਲੇ ਪੜਾਅ ਲਈ ਆਪਣੀ ਵੋਟ ਪਾਈ। ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦੀ ਧੀ ਮੁਮਤਾਜ਼ ਪਟੇਲ ਨੇ ਭਰੂਚ ਦੇ ਅਲੰਕੇਸ਼ਵਰ ਵਿੱਚ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਬਦਲਾਅ ਲਈ ਚੋਣ ਹੈ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਸੂਰਤ ਵਿੱਚ ਵੋਟ ਪਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੜ ਭਾਜਪਾ ਦੀ ਸਰਕਾਰ ਬਣ ਰਹੀ ਹੈ। ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਵਿੱਚ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ।