ਚੰਡੀਗੜ੍ਹ, 15 ਮਈ 2024: ਗੁਜਰਾਤ ਦੇ ਪੋਇਚਾ ‘ਚ ਨਰਮਦਾ ਨਦੀ (Narmada River) ‘ਚ ਇੱਕੋ ਪਰਿਵਾਰ ਦੇ 7 ਜਣਿਆਂ ਦੇ ਡੁੱਬਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮੰਗਲਵਾਰ ਦੁਪਹਿਰ ਨਰਮਦਾ ਨਦੀ ‘ਚ ਤੈਰਾਕੀ ਕਰਨ ਆਏ ਸਨ। ਹਾਲਾਂਕਿ, ਇੱਥੇ ਤੇਜ਼ ਵਹਾਅ ਵਿੱਚ ਸਾਰੇ ਸੱਤ ਜਣੇ ਡੁੱਬ ਗਏ। ਇਸ ਘਟਨਾ ਤੋਂ ਬਾਅਦ ਐਨਡੀਆਰਐਫ ਅਤੇ ਵਡੋਦਰਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪੁਲਿਸ ਨੇ ਦੱਸਿਆ ਕਿ ਸਾਰੇ ਪੀੜਤ ਸੂਰਤ ਦੇ ਇੱਕ ਸਮੂਹ ਦਾ ਹਿੱਸਾ ਸਨ ਜੋ ਪੋਇਚਾ ਆਏ ਸਨ। ਮੰਗਲਵਾਰ ਸਵੇਰੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ। ਐਨ.ਡੀ.ਆਰ.ਐੱਫ ਦੀ ਇਕ ਯੂਨਿਟ ਦੁਪਹਿਰ ਨੂੰ ਮੌਕੇ ‘ਤੇ ਪਹੁੰਚ ਗਈ। ਜਿਕਰਯੋਗ ਹੈ ਕਿ ਪੋਇਚਾ ਨਰਮਦਾ ਨਦੀ (Narmada River) ਵਿੱਚ ਤੈਰਾਕੀ ਲਈ ਇੱਕ ਮਸ਼ਹੂਰ ਗਰਮੀਆਂ ਦੀ ਪਿਕਨਿਕ ਸਪਾਟ ਹੈ। ਹਾਲ ਹੀ ਵਿੱਚ ਨਰਮਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਕਿਸ਼ਤੀ ਸੰਚਾਲਕਾਂ ਨੂੰ ਬਿਨਾਂ ਲਾਇਸੈਂਸ ਦੇ ਕਿਸ਼ਤੀਆਂ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਸਨ।