GST Collection

ਪੰਜਾਬ ‘ਚ GST ਕਲੈਕਸ਼ਨ ‘ਚ ਚੌਖਾ ਵਾਧਾ, ਅਪ੍ਰੈਲ ‘ਚ 2654 ਕਰੋੜ ਰੁਪਏ ਦਾ ਜੀਐਸਟੀ ਕੀਤਾ ਇਕੱਠਾ

ਚੰਡੀਗੜ੍ਹ, 3 ਮਈ 2025: ਪੰਜਾਬ ਸਰਕਾਰ ਨੇ ਸੂਬੇ ‘ਚ ਹੁਣ ਤੱਕ ਦਾ ਸਭ ਤੋਂ ਵੱਧ ਮਹੀਨਾਵਾਰ ਵਸਤੂਆਂ ਅਤੇ ਸੇਵਾਵਾਂ ਟੈਕਸ ਕਲੈਕਸ਼ਨ (GST collection) ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਮੁਤਾਬਕ ਅਪ੍ਰੈਲ 2025 ‘ਚ ਪੰਜਾਬ ਨੇ 2654 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਹੈ, ਜੋ ਕਿ ਕਿਸੇ ਵੀ ਇੱਕ ਮਹੀਨੇ ‘ਚ ਇੱਕ ਰਿਕਾਰਡ ਕਲੈਕਸ਼ਨ ਹੈ।

ਮੌਜੂਦਾ ਪੰਜਾਬ ਸਰਕਾਰ ਦਾ ਇਹ ਅੰਕੜਾ ਪੰਜਾਬ ਦੀ ਆਰਥਿਕਤਾ ਅਤੇ ਵਪਾਰਕ ਗਤੀਵਿਧੀਆਂ ‘ਚ ਮਜ਼ਬੂਤੀ ਨੂੰ ਦਰਸਾਉਂਦੀ ਹੈ। ਪੰਜਾਬ ਸਰਕਾਰ ਮੁਤਾਬਕ ਅਪ੍ਰੈਲ 2024 ‘ਚ ਜੀਐਸਟੀ ਕਲੈਕਸ਼ਨ (GST collection) 2216 ਕਰੋੜ ਰੁਪਏ ਸੀ, ਜਦਕਿ ਅਪ੍ਰੈਲ 2025 ‘ਚ ਇਹ ਅੰਕੜਾ ਵਧ ਕੇ 2654 ਕਰੋੜ ਰੁਪਏ ਹੋ ਗਿਆ।

ਇਸੇ ਤਰ੍ਹਾਂ ਸਾਲਾਨਾ ਆਧਾਰ ‘ਤੇ 438 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ 19.77 ਫੀਸਦ ਦੀ ਵਾਧਾ ਦਰ ਦਰਸਾਉਂਦਾ ਹੈ, ਜੋ ਕਿ ਪੰਜਾਬ ਦੀ ਆਰਥਿਕ ਸਥਿਤੀ ‘ਚ ਸਥਿਰਤਾ ਅਤੇ ਸੁਧਾਰ ਦਾ ਸਪੱਸ਼ਟ ਸੰਕੇਤ ਹੈ।

ਅੰਕੜਿਆਂ ਮੁਤਾਬਕ ਮਾਰਚ 2025 ‘ਚ ਪੰਜਾਬ ਨੇ 2027 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਸੀ। ਇਸਦੇ ਨਾਲ ਹੀ ਅਪ੍ਰੈਲ ‘ਚ ਇਹ ਅੰਕੜਾ 627 ਕਰੋੜ ਰੁਪਏ ਵਧਿਆ, ਜੋ ਕਿ 30.93 ਫੀਸਦੀ ਦੇ ਵਾਧੇ ਨਾਲ 2654 ਕਰੋੜ ਰੁਪਏ ਤੱਕ ਪਹੁੰਚ ਗਿਆ।

ਪੰਜਾਬ ਸਰਕਾਰ ਦੇ ਮੁਤਾਬਕ ਉਨ੍ਹਾਂ ਦੀ ਪ੍ਰਾਪਤੀ ਇਮਾਨਦਾਰ ਨੀਤੀ, ਪਾਰਦਰਸ਼ੀ ਪ੍ਰਸ਼ਾਸਨ ਅਤੇ ਟੈਕਸ ਪ੍ਰਣਾਲੀ ‘ਚ ਸੁਧਾਰਾਂ ਦਾ ਸਿੱਧਾ ਨਤੀਜਾ ਹੈ। ਨਿਰੰਤਰ ਯਤਨਾਂ ਅਤੇ ਵਪਾਰਕ ਮਾਹੌਲ ‘ਚ ਵਿਸ਼ਵਾਸ ਦੀ ਬਹਾਲੀ ਨੇ ਰਾਜ ਦੇ ਮਾਲੀਏ ‘ਚ ਇਹ ਜ਼ਬਰਦਸਤ ਵਾਧਾ ਸੰਭਵ ਬਣਾਇਆ ਹੈ।

Read More: ਪੰਜਾਬ ‘ਚ 2008 ਕਰੋੜ ਰੁਪਏ ਦਾ GST ਵਾਧਾ, ਦੇਸ਼ ਦੇ ਤਿੰਨ ਪ੍ਰਮੁੱਖ ਸੂਬਿਆਂ ‘ਚ ਸ਼ਾਮਲ

Scroll to Top