June 30, 2024 11:27 am
Green Manifesto Punjab 2024

ਪੰਜਾਬ ਦੇ ਵਾਤਾਵਰਨ ਸੁਧਾਰ ਲਈ ‘ਗ੍ਰੀਨ ਮੈਨੀਫੈਸਟੋ ਪੰਜਾਬ 2024’ ਪਿੰਗਲਵਾੜਾ ਵਿਖੇ ਜਾਰੀ

ਅੰਮ੍ਰਿਤਸਰ, 18 ਮਈ 2024: 50 ਤੋਂ ਵੱਧ ਵਾਤਾਵਰਨ ਸੰਗਠਨਾਂ ਅਤੇ ਕਾਰਕੁਨਾਂ ਵੱਲੋਂ ਅੱਜ ਇੱਥੇ ਪਿੰਗਲਵਾੜਾ ਵਿਖੇ ਇਕੱਠੇ ਹੋ ਕੇ 2024 ਦੀਆਂ ਚੱਲ ਰਹੀਆਂ ਸੰਸਦੀ ਚੋਣਾਂ ਲਈ ਪੰਜਾਬ ਦੇ ਵਾਤਾਵਰਨ ਮੁੱਦਿਆਂ ਨੂੰ ਉਜਾਗਰ ਕਰਨ ਵਾਲਾ ‘ਗ੍ਰੀਨ ਮੈਨੀਫੈਸਟੋ ਪੰਜਾਬ 2024’ (Green Manifesto Punjab 2024) ਜਾਰੀ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਇਹਨਾਂ ਵਾਤਾਵਰਨ ਸੰਗਠਨਾਂ ਵਿੱਚ ਜਿੱਥੇ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਸ਼ਾਮਲ ਹੈ ਜਿਸ ਦਾ ਬਿਮਾਰ ਅਤੇ ਬੇਸਹਾਰਾ ਲੋਕਾਂ ਲਈ ਕੰਮ ਕਰਨ ਦਾ ਲੰਮਾ ਇਤਿਹਾਸ ਇੱਕ ਮਿਸਾਲ ਹੈ ਤੋਂ ਲੈ ਕੇ ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਜਿਹਨਾਂ ਵੱਲੋਂ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦਾ ਕੰਮ ਹੋਇਆ ਹੈ ਅਤੇ ਪੀ.ਏ.ਸੀ ਮੱਤੇਵਾੜਾ ਜਿਸ ਨੇ ਪੰਜਾਬ ਦੇ ਲੋਕਾਂ ਦੇ ਮੱਤੇਵਾੜਾ ਜੰਗਲ ਨੂੰ ਬਚਾਉਣ ਦੇ ਸੰਘਰਸ਼ ਦਾ ਤਾਲਮੇਲ ਕੀਤਾ |

ਇਸ ਮੌਕੇ ਬੋਲਦਿਆਂ ਪਿੰਗਲਵਾੜਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਵਾਤਾਵਰਨ ਸਾਰਿਆਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਵਿੱਚੋਂ ਇੱਕ ਹੈ। ਇਹ ਸਰਕਾਰਾਂ ਅਤੇ ਸਿਆਸਤਦਾਨਾਂ ਵੱਲੋਂ ਸਭ ਤੋਂ ਅਣਗੌਲੇ ਵਿਸ਼ਿਆਂ ਵਿੱਚੋਂ ਵੀ ਇੱਕ ਹੈ, ਜਿਸ ਨੂੰ ਦਰੁਸਤ ਕਰਨ ਲਈ ਅੱਜ ਅਸੀਂ ਇਹ ਗ੍ਰੀਨ ਮੈਨੀਫੈਸਟੋ (Green Manifesto Punjab 2024) ਜਾਰੀ ਕੀਤਾ ਹੈ। ਇਹ ਦਸਤਾਵੇਜ਼ ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲੇ ਨਾਜ਼ੁਕ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਵਾਉਣ ਲਈ ਹੈ ਅਤੇ ਸਾਨੂੰ ਉਮੀਦ ਹੈ ਕਿ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਇਸ ਵੱਲ ਧਿਆਨ ਦੇਣਗੇ।”

ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣਕਾਰੀਆਂ ਨਾਲ ਮਿਲੀਭੁਗਤ ਦੇ ਚੱਲਦੇ ਇਸ ਨੂੰ ਭੰਗ ਕਰਕੇ ਨਵੇਂ ਸਿਰੋਂ ਬਣਾਉਣ ਬਾਰੇ ਗੱਲ ਕੀਤੀ ਹੈ। ਉਹਨਾਂ ਜ਼ੀਰਾ ਉਦਯੋਗਿਕ ਜ਼ਮੀਨੀ ਪਾਣੀ ਪ੍ਰਦੂਸ਼ਣ ਕੇਸ, ਗਿਆਸਪੁਰਾ ਜ਼ਹਿਰੀਲੀ ਗੈਸ ਨਾਲ ਮੌਤਾਂ ਦੇ ਕੇਸ ਅਤੇ ਬੁੱਢਾ ਦਰਿਆ ਦੇ ਦਹਾਕਿਆਂ ਤੋਂ ਹੋ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਭੂਮਿਕਾ ਦਾ ਹਵਾਲਾ ਦਿੰਦਿਆਂ ਇਹ ਮੰਗ ਕੀਤੀ।” ਉਨ੍ਹਾਂ ਅੱਗੇ ਕਿਹਾ ਕਿ ਸਤਲੁਜ ਵਰਗੇ ਦਰਿਆਵਾਂ ਦੇ ਪ੍ਰਦੂਸ਼ਣ, ਜਲਗਾਹਾਂ ਦੀ ਜ਼ਮੀਨ ਤੇ ਕਬਜ਼ੇ, ਜੰਗਲੀ ਖੇਤਰਾਂ ਦੇ ਸਹੀ ਨਕਸ਼ੇ ਨਾ ਹੋਣਾ ਅਤੇ ਜਲਵਾਯੂ ਤਬਦੀਲੀ ਦੇ ਮੁੱਦੇ ਵੀ ਗਰੀਨ ਮੈਨੀਫੈਸਟੋ ਵਿੱਚ ਉਠਾਏ ਗਏ ਹਨ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਪੰਜਾਬ ਦੇ ਗੰਭੀਰ ਵਾਤਾਵਰਨ ਦੇ ਮਸਲਿਆਂ ਨੂੰ ਸਿਆਸੀ ਪਾਰਟੀਆਂ ਦੇ ਏਜੰਡੇ ‘ਤੇ ਲਿਆਉਣ ਲਈ ਜਥੇਬੰਦੀਆਂ ਅਤੇ ਕਾਰਕੁਨਾਂ ਵਿੱਚ ਏਕਤਾ ਅਤੇ ਤਾਲਮੇਲ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰੇ ਜ਼ਰੂਰੀ ਮੁੱਦੇ ਹਨ ਅਤੇ ਨਾ ਸਿਰਫ ਮੌਜੂਦਾ ਸਗੋਂ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ, ਸਿਹਤ ਅਤੇ ਜੀਵਨ ਪੱਧਰ ਨਾਲ ਜੁੜੇ ਹੋਏ ਹਨ।

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਮੁੱਦਿਆਂ ਤੇ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਇਸ ਵਾਤਾਵਰਨ ਚੋਣ ਮਨੋਰਥ ਪੱਤਰ ਵਿਚ ਉਠਾਏ ਮੁੱਦਿਆਂ ਨੂੰ ਐਸ.ਕੇ.ਐਮ ਦੇ ਹੋਰ ਆਗੂਆਂ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਤਾਂ ਜੋ ਇਹਨਾਂ ਜ਼ਰੂਰੀ ਮਸਲਿਆਂ ਨੂੰ ਬਿਹਤਰ ਅਤੇ ਚੰਗੇ ਢੰਗ ਨਾਲ ਚੁੱਕਿਆ ਜਾ ਸਕੇ।

ਬੁੱਢਾ ਦਰਿਆ ਟਾਸ੍ਕ ਫੋਰਸ ਦੇ ਸਾਬਕਾ ਮੈਂਬਰ ਕਰਨਲ ਜਸਜੀਤ ਗਿੱਲ ਨੇ ਪੰਜਾਬ ਵਿੱਚ ਵਾਤਾਵਰਣ ਕਮਿਸ਼ਨ ਦੀ ਲੋੜ ਅਤੇ ਸੂਬਾ ਅਤੇ ਕੇਂਦਰੀ ਪੱਧਰ ‘ਤੇ ਵਾਤਾਵਰਣ ਲਈ ਵੱਖਰੇ ਮੰਤਰਾਲਿਆਂ ਦੀ ਲੋੜ ਅਤੇ ਵਾਤਾਵਰਨ ਪ੍ਰੋਜੈਕਟਾਂ ਲਈ ਸਮਰਪਿਤ ਬਜਟ ਬਾਰੇ ਗੱਲ ਕੀਤੀ।

ਗਰੀਨ ਮੈਨੀਫੈਸਟੋ ਰਿਲੀਜ਼ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਸੂਬੇਦਾਰ ਬਲਬੀਰ ਸਿੰਘ, ਪਿੰਗਲਵਾੜਾ ਤੋਂ ਡਾ. ਰਾਜਬੀਰ ਸਿੰਘ, ਡਾ. ਜਗਦੀਪਕ ਸਿੰਘ, ਪਬਲਿਕ ਐਕਸ਼ਨ ਕਮੇਟੀ (ਸਤਲੁਜ, ਬੁੱਢਾ ਦਰਿਆ ਅਤੇ ਮੱਤੇਵਾੜਾ) ਵੱਲੋਂ ਡਾ. ਅਮਨਦੀਪ ਸਿੰਘ ਬੈਂਸ, ਕੁਲਦੀਪ ਸਿੰਘ ਖਹਿਰਾ, ਸਾਂਝਾ ਮੋਰਚਾ ਜ਼ੀਰਾ ਵੱਲੋਂ ਸਰਪੰਚ ਗੁਰਮੇਲ ਸਿੰਘ, ਰੋਮਨ ਬਰਾੜ, ਅਗਾਪ ਵੱਲੋਂ ਡਾ. ਨਵਨੀਤ ਭੁੱਲਰ, ਪ੍ਰਸ਼ਾਦਾ ਵੱਲੋਂ ਮੂਨਸਟਾਰ ਕੌਰ ਆਦਿ ਵੀ ਹਾਜ਼ਰ ਹੋਏ।