ਚੰਡੀਗੜ੍ਹ, 03 ਫਰਵਰੀ 2025: ਭਾਰਤੀ-ਅਮਰੀਕੀ ਗਾਇਕਾ ਅਤੇ ਉੱਦਮੀ ਚੰਦਰਿਕਾ ਟੰਡਨ (Chandrika Tandon) ਨੇ ਐਲਬਮ ਤ੍ਰਿਵੇਣੀ ਲਈ ਬੈਸਟ ਨਿਊ ਏਜ, ਐਂਬੀਐਂਟ ਯਾ ਚੈਂਟ ਐਲਬਮ ਸ਼੍ਰੇਣੀ ‘ਚ ਗ੍ਰੈਮੀ ਐਵਾਰਡ (Grammy Award) ਜਿੱਤਿਆ ਹੈ। ਰਿਕਾਰਡਿੰਗ ਅਕੈਡਮੀ ਵੱਲੋਂ ਕਰਵਾਏ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਗਮ ਦਾ 67ਵਾਂ ਐਡੀਸ਼ਨ ਐਤਵਾਰ ਨੂੰ ਲਾਸ ਏਂਜਲਸ ਦੇ Crypto.com ਅਰੇਨਾ ਵਿਖੇ ਹੋਇਆ |
ਜਿਕਰਯੋਗ ਹੈ ਕਿ ਚੰਦਰਿਕਾ ਇੱਕ ਗਲੋਬਲ ਕਾਰੋਬਾਰੀ ਲੀਡਰ ਵੀ ਹਨ ਅਤੇ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਹੈ। ਉਨ੍ਹਾਂ ਨੇ ਇਹ ਪੁਰਸਕਾਰ ਆਪਣੇ ਸਾਥੀਆਂ ਦੱਖਣੀ ਅਫ਼ਰੀਕੀ ਬੰਸਰੀਵਾਦਕ ਵਾਊਟਰ ਕੈਲਰਮੈਨਸ ਅਤੇ ਜਾਪਾਨੀ ਸੈਲਿਸਟ ਏਰੂ ਮਾਤਸੁਮੋਤੋ ਦੇ ਨਾਲ ਜਿੱਤਿਆ। ਚੇਨਈ’ਚ ਜਨਮੇ ਇਸ ਸੰਗੀਤਕਾਰ ਨੇ ਗ੍ਰੈਮੀ ਪੁਰਸਕਾਰ ਜਿੱਤਣ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕੀਤੀ। “ਇਹ ਬਹੁਤ ਵਧੀਆ ਮਹਿਸੂਸ ਹੁੰਦਾ ਹੈ,”
ਬੈਸਟ ਨਿਊ ਏਜ, ਐਂਬੀਐਂਟ ਯਾ ਚੈਂਟ ਐਲਬਮ ਸ਼੍ਰੇਣੀ ‘ਚ ਹੋਰ ਨਾਮਜ਼ਦਗੀਆਂ ‘ਚ ਰਿੱਕੀ ਕੇਜ ਦੁਆਰਾ ਬ੍ਰੇਕ ਆਫ਼ ਡਾਨ, ਰਿਯੂਚੀ ਸਕਾਮੋਤੋ ਦੁਆਰਾ ਓਪਸ, ਅਨੁਸ਼ਕਾ ਸ਼ੰਕਰ ਦੁਆਰਾ ਚੈਪਟਰ 2: ਹਾਉ ਡਾਰਕ ਇਟ ਇਜ਼ ਬਿਫੋਰ ਡਾਨ ਅਤੇ ਰਾਧਿਕਾ ਵੇਕਾਰੀਆ ਵੱਲੋਂ ਵਾਰੀਅਰਜ਼ ਆਫ਼ ਲਾਈਟ ਸ਼ਾਮਲ ਹਨ।
ਚੰਦਰਿਕਾ ਟੰਡਨ ਦੂਜੀ ਵਾਰ ਗ੍ਰੈਮੀ ਪੁਰਸਕਾਰ ਲਈ ਨਾਮਜ਼ਦ
ਪੁਰਸਕਾਰ ਸਵੀਕਾਰ ਕਰਦੇ ਸਮੇਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ (Chandrika Tandon) ਕਿਹਾ ਕਿ ਸੰਗੀਤ ਪਿਆਰ ਹੈ, ਸੰਗੀਤ ਰੌਸ਼ਨੀ ਹੈ, ਅਤੇ ਸੰਗੀਤ ਹਾਸਾ ਹੈ ਅਤੇ ਆਓ ਆਪਾਂ ਸਾਰੇ ਪਿਆਰ, ਰੌਸ਼ਨੀ ਅਤੇ ਹਾਸੇ ਨਾਲ ਘਿਰੇ ਰਹੀਏ। ਸੰਗੀਤ ਲਈ ਧੰਨਵਾਦ ਅਤੇ ਸੰਗੀਤ ਬਣਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ। 2009 ਦੀ ‘ਸੋਲ ਕਾਲ’ ਤੋਂ ਬਾਅਦ ਇਹ ਚੰਦਰਿਕਾ ਟੰਡਨ ਦੀ ਦੂਜੀ ਗ੍ਰੈਮੀ ਨਾਮਜ਼ਦਗੀ ਸੀ ਅਤੇ ਉਸਦੀ ਪਹਿਲੀ ਜਿੱਤ ਸੀ।
30 ਅਗਸਤ, 2024 ਨੂੰ ਰਿਲੀਜ਼ ਹੋਈ ਐਲਬਮ ‘ਤ੍ਰਿਵੇਣੀ’ ‘ਚ ਸੱਤ ਟਰੈਕ ਹਨ, ਜਿਨ੍ਹਾਂ ‘ਚ “ਪਾਥਵੇ ਟੂ ਲਾਈਟ”, “ਚੈਂਟ ਇਨ ਏ”, “ਜਰਨੀ ਵਿਦਿਨ”, “ਏਥਰ ਸੇਰੇਨੇਡ”, “ਐਨਸ਼ੀਐਂਟ ਮੂਨ”, “ਓਪਨ ਸਕਾਈ” ਅਤੇ “ਸੀਕਿੰਗ ਸ਼ਕਤੀ ਸ਼ਾਮਲ ਹਨ”।