ਕਣਕ

ਗ੍ਰੇਡ-4 ਕਰਮਚਾਰੀਆਂ ਨੂੰ ਕਣਕ ਖਰੀਦਣ ਲਈ ਮਿਲੇਗਾ 9700 ਰੁਪਏ ਦਾ ਵਿਆਜ-ਮੁਕਤ ਕਰਜ਼ਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 22 ਅਪ੍ਰੈਲ 2025: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਲਈ ਗ੍ਰੇਡ-4 (ਗਰੁੱਪ-ਡੀ) ਕਰਮਚਾਰੀਆਂ ਲਈ ਕਣਕ ਦੀ ਖਰੀਦ ਲਈ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕਰ ਦਿੱਤਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗ੍ਰੇਡ-4 ਦੇ ਕਰਮਚਾਰੀਆਂ ਲਈ ਪਿਛਲੇ ਤਿੰਨ ਸਾਲਾਂ ‘ਚ ਕਣਕ ਖਰੀਦਣ ਲਈ ਵਿਆਜ ਮੁਕਤ ਕਰਜ਼ੇ ‘ਚ 21.25 ਫੀਸਦੀ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਵਰਗ ਨੂੰ ਨਜ਼ਰਅੰਦਾਜ਼ ਕੀਤਾ ਸੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਮਾਜ ਦੇ ਕਮਜ਼ੋਰ ਵਰਗਾਂ ਪ੍ਰਤੀ ਪਿਛਲੀ ਕਾਂਗਰਸ ਸਰਕਾਰ ਦੀ ਉਦਾਸੀਨਤਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿੱਤੀ ਸਾਲ 2019-20 ਅਤੇ 2020-21 ਦੇ ਚੁਣੌਤੀਪੂਰਨ ਕੋਵਿਡ-19 ਸਾਲਾਂ ਦੌਰਾਨ ਵੀ, ਕਾਂਗਰਸ ਦੀ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਵਾਧੇ ਦੇ ਸਿਰਫ਼ 7500 ਰੁਪਏ ਦਾ ਵਿਆਜ ਮੁਕਤ ਕਣਕ ਕਰਜ਼ਾ ਉਪਲਬੱਧ ਕਰਵਾਇਆ ਅਤੇ ਬਾਅਦ ‘ਚ ਚੋਣ ਸਾਲ 2021-22 ਮੌਕੇ 3 ਸਾਲਾਂ ਬਾਅਦ, ਇਸ ਕਰਜ਼ੇ ਦੀ ਰਕਮ ‘ਚ ਸਿਰਫ਼ 500 ਰੁਪਏ ਦਾ ਮਾਮੂਲੀ ਵਾਧਾ ਕਰਕੇ 8000 ਰੁਪਏ ਕੀਤਾ ਗਿਆ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਦੇ ਮੁਕਾਬਲੇ, ‘ਆਪ’ ਦੀ ਪੰਜਾਬ ਸਰਕਾਰ ਨੇ ਗ੍ਰੇਡ-4 ਦੇ ਕਰਮਚਾਰੀਆਂ ਦੀ ਭਲਾਈ ਲਈ ਆਪਣੀ ਨਿਰੰਤਰ ਵਚਨਬੱਧਤਾ ਦਾ ਸਬੂਤ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਇਸ ਵਿਆਜ ਮੁਕਤ ਕਰਜ਼ੇ ਦੀ ਰਕਮ ਵਿੱਤੀ ਸਾਲ 2023-24 ਲਈ ਵਧਾ ਕੇ 8500 ਰੁਪਏ ਕੀਤੀ, ਇਸਤੋਂ ਬਾਅਦ ਵਿੱਤੀ ਸਾਲ 2024-25 ਲਈ 9100 ਰੁਪਏ ਅਤੇ ਹੁਣ ਵਿੱਤੀ ਸਾਲ 2025-26 ਲਈ 9700 ਰੁਪਏ ਕੀਤਾ ਗਿਆ ਹੈ |

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰੇਕ ਯੋਗ ਗ੍ਰੇਡ-4 ਕਰਮਚਾਰੀ ਨੂੰ 9,700 ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਨਾਲ ਉਹ ਮੌਜੂਦਾ ਸਰਕਾਰੀ ਦਰ 2,425 ਰੁਪਏ ਪ੍ਰਤੀ ਕੁਇੰਟਲ ‘ਤੇ ਪ੍ਰਤੀ ਪਰਿਵਾਰ ਚਾਰ ਕੁਇੰਟਲ ਕਣਕ ਖਰੀਦ ਸਕਣਗੇ।

ਉਨ੍ਹਾਂ ਕਿਹਾ ਕਿ ਕਰਜ਼ਾ ਅੱਠ ਬਰਾਬਰ ਮਾਸਿਕ ਕਿਸ਼ਤਾਂ ‘ਚ ਆਸਾਨ ਵਸੂਲੀ ਕੀਤੀ ਜਾਵੇਗੀ, ਜੋ ਜੂਨ 2025 ਦੀ ਤਨਖਾਹ (ਜੁਲਾਈ 2025 ਵਿੱਚ ਭੁਗਤਾਨਯੋਗ) ਤੋਂ ਸ਼ੁਰੂ ਹੋਵੇਗੀ, ਇਸ ਵਿੱਤੀ ਸਾਲ ‘ਚ ਹੀ ਪੂਰੀ ਵਸੂਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਨਜ਼ੂਰ ਕੀਤੀ ਰਕਮ 29 ਮਈ, 2025 ਤੱਕ ਪੰਜਾਬ ਸਰਕਾਰ ਦੇ ਖਜ਼ਾਨੇ ‘ਚੋਂ ਜਾਰੀ ਕਰ ਦਿੱਤੀ ਜਾਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਵਿਆਜ ਮੁਕਤ ਕਣਕ ਕਰਜ਼ਾ ਇੱਕ ਮਹੱਤਵਪੂਰਨ ਪਹਿਲਕਦਮੀ ਹੈ ਜੋ ਗ੍ਰੇਡ-IV ਦੇ ਕਰਮਚਾਰੀਆਂ ਨੂੰ ਬਹੁਤ ਲੋੜੀਂਦੀ ਸਹਾਇਤਾ ਪ੍ਰਦਾਨ ਕਰਦੀ ਹੈ ਜੋ ਪੰਜਾਬ ਦੇ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਹਨ।

Read More: ਆਪ ਸਰਕਾਰ ਇਮਾਨਦਾਰ ਹੈ, ਪਿਛਲੀਆਂ ਸਰਕਾਰਾਂ ਟੈਕਸ ਚੋਰੀ ਕਰਨ ਵਾਲਿਆਂ ਨਾਲ ਮਿਲੀਆਂ ਹੋਈਆਂ ਸਨ: ਹਰਪਾਲ ਸਿੰਘ ਚੀਮਾ

Scroll to Top