ਚੰਡੀਗੜ੍ਹ, 16 ਜੁਲਾਈ 2024: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ ਵਿਖੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ (Chandigarh) ਦੇ 300 ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਮਾਨਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ | ਇਹ ਸਾਰੇ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਹਨ | ਸਨਮਾਨਿਤ ਕੀਤੇ 300 ਵਿਦਿਆਰਥੀਆਂ ‘ਚ 247 ਲੜਕੀਆਂ ਹਨ | ਰਾਜਪਾਲ ਨੇ ਕਿਹਾ ਕਿ ਲੜਕੀਆਂ ਹਰ ਖੇਤਰ ‘ਚ ਮੱਲਾਂ ਮਾਰ ਰਹੀਆਂ ਹਨ ਜੋ ਕਿ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਹੈ |
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਆਧੁਨਿਕ ਹੁਨਰ ਵਿਕਸਤ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ ਉਹ ਆਪਣੇ ਅੱਪ ਨੂੰ ਕਾਬਿਲ ਬਣਾ ਸਕਣ | ਉਨ੍ਹਾਂ ਨੇ ਪਿਛੜੇ ਖੇਤਰ ਦੇ ਵਿਦਆਰਥੀਆਂ ਨੂੰ ਹੋਰ ਵੀ ਸਸ਼ਕਤ ਬਣਾਉਣ ‘ਤੇ ਜ਼ੋਰ ਦਿੱਤਾ | ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਉਨ੍ਹਾਂ ਨੇ ਲਾਲ ਬਹਾਦੁਰ ਸ਼ਾਸਤਰੀ, ਈਸ਼ਵਰ ਚੰਦਰ, ਡਾ. ਏ.ਪੀ.ਜੇ ਅਬਦੁਲ ਕਲਾਮ ਅਤੇ ਹੋਰ ਮਹਾਨ ਸਖ਼ਸ਼ੀਅਤਾਂ ਦੀ ਉਦਾਹਰਣਾਂ ਦਿੱਤੀਆਂ |
ਪੰਜਾਬ ਰਾਜਪਾਲ ਨੇ ਪੰਜਾਬ ਤੇ ਚੰਡੀਗੜ (Chandigarh) ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 20.70 ਲੱਖ ਰੁਪਏ ਦੇ ਨਕਦ ਵਜ਼ੀਫੇ ਨਾਲ ਪ੍ਰਸ਼ੰਸ਼ਾਂ ਸਰਟੀਫ਼ਿਕੇਟ ਦਿੱਤੇ | ਇਹ ਵਿਲੱਖਣ ਪਹਿਲਕਦਮੀ ‘ਦ ਸੋਸਾਇਟੀ ਫਾਰ ਇੰਪਾਵਰਮੈਂਟ ਆਫ਼ ਡਿਸਐਡਵਾਂਟੇਜਡ ਟੇਲੈਂਟਡ ਯੂਥ’ ਦੁਆਰਾ ਕੀਤੀ ਗਈ ਹੈ | ਇਸੇ ਤਹਿਤ ਇਸ ਸਾਲ 300 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਸੀ | ਇਸ ‘ਚ ਚੰਡੀਗੜ ਦੇ ਸਰਕਾਰੀ ਸਕੂਲਾਂ 75 ਅਤੇ ਪੰਜਾਬ ਦੇ 225 ਵਿਦਿਆਰਥੀ ਸ਼ਾਮਲ ਹਨ | ਦਸਵੀਂ ਜਮਾਤ ਦੇ ਹਰੇਕ ਬੱਚੇ ਨੂੰ 10 ਹਜ਼ਾਰ ਅਤੇ 8ਵੀਂ ਜਮਾਤ ਦੇ ਹਰੇਕ ਵਿਦਿਆਰਥੀ ਨੂੰ 5000 ਰੁਪਏ ਦਿੱਤੇ ਹਨ |