ਗੁਰਦਾਸਪੁਰ 01 ਫਰਵਰੀ 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwarilal Purohit) ਅੱਜ ਗੁਰਦਾਸਪੁਰ ਵਿਖੇ ਵਿਸ਼ੇਸ਼ ਦੌਰੇ ‘ਤੇ ਪਹੁੰਚੇ | ਇਸ ਮੌਕੇ ਤੇ ਉਨ੍ਹਾਂ ਨੇ ਗੁਰਦਾਸਪੁਰ ਦੇ ਹੋਟਲ ਮੈਨੇਜਮੈਂਟ ਕਾਲਜ ਵਿਖੇ ਪਿੰਡਾਂ ਦੇ ਸਰਪੰਚਾਂ ਅਤੇ ਕੁਝ ਸਰਹੱਦੀ ਇਲਾਕੇ ‘ਚ ਰਹਿ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ | ਇਸ ਦੌਰਾਨ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਪੰਜਾਬ ਦਾ ਇੱਕ ਗੌਰਵਮਈ ਇਤਿਹਾਸ ਹੈ, ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਸਰਹੱਦੀ ਜ਼ਿਲ੍ਹਿਆਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਹਨ, ਉਨ੍ਹਾਂ ਦੀ ਪੰਜਾਬ ਵਿੱਚ ਬਹੁਤ ਵੱਡੀ ਮਹੱਤਤਾ ਹੈ |
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ‘ਤੇ ਹਨ, ਜਦਕਿ ਗੁਰਦਾਸਪੁਰ ‘ਚ ਉਹਨਾਂ ਦੀ ਚੌਥੀ ਫੇਰੀ ਹੈ ਅਤੇ ਉਹਨਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ‘ਚ ਭਾਵੇ ਦੇਸ਼ ਦੀਆ ਸੁਰੱਖਿਆ ਫੋਰਸਾਂ ਵਲੋਂ ਜੋ ਸਰਹੱਦ ਪਾਰ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਆ ਰਹੇ ਹਨ ਉਹਨਾਂ ‘ਤੇ ਕਾਫੀ ਹੱਦ ਤੱਕ ਕਾਬੂ ਪਾਇਆ ਹੈ, ਲੇਕਿਨ ਉਸਦੇ ਬਾਵਜੂਦ ਅਜੇ ਵੀ ਨਸ਼ੇ ਦੀਆ ਖੇਪਾਂ ਆ ਰਹੀਆਂ ਹਨ, ਜੋ ਪੰਜਾਬ ਦੀ ਨੌਜ਼ਵਾਨੀ, ਇਥੋਂ ਤੱਕ ਕਿ ਸਕੂਲਾਂ ‘ਚ ਪੜਨ ਵਾਲੇ ਬੱਚਿਆਂ ਨੂੰ ਬਰਬਾਦ ਕਰ ਰਹੀਆਂ ਹਨ |
ਪੰਜਾਬ ਵਿੱਚ ਵਧ ਰਿਹਾ ਨਸ਼ਾ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਹਨਾਂ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਹੋਰ ਵਧਾਈ ਜਾਵੇ, ਚਾਹੇ ਹੋਰ ਨਵੇਂ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ |
ਉਨ੍ਹਾਂ (Banwarilal Purohit) ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਹੋਰ ਮਿਲਿਟਰੀ ਫੋਰਸ ਵਧਾਉਣ ਲਈ ਵੀ ਆਖਣਗੇ | ਰਾਜਪਾਲ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਖ਼ਾਸ ਕਰ ਇਹਨਾਂ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਇੰਡਸਟਰੀ ਲਿਆਂਦੀ ਜਾਵੇ, ਉਸ ਲਈ ਜੋ ਵਿਸ਼ੇਸ ਪੈਕਜ ਦੀ ਪੰਜਾਬ ਸਰਕਾਰ ਨੂੰ ਲੋੜ ਹੈ, ਮੁੱਖ ਮੰਤਰੀ ਪੰਜਾਬ ਕੇਂਦਰ ਅਗੇ ਰੱਖਣ |
ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਸ ਮੁੱਦੇ ‘ਤੇ ਮੁਲਾਕਾਤ ਕਰਨ ਜਾਂ ਫਿਰ ਉਹਨਾਂ ਨੂੰ ਪੱਤਰ ਲਿਖ ਕੇ ਭੇਜਣ ਤਾਂ ਜੋ ਉਹ ਕੇਂਦਰ ਕੋਲੋਂ ਇਸ ਮੰਗ ਨੂੰ ਚੁੱਕ ਸਕਣ, ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ‘ਚ ਰਾਜਪਾਲ ਬਨਵਾਰੀ ਲਾਲ ਨੇ ਕਿਹਾ ਕਿ ਸਰਕਾਰ ਕੋਈ ਵੀ ਜਾਂ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਦਾ ਇਹ ਦੌਰਾ ਕੋਈ ਰਾਜਨੀਤੀ ਨਾਲ ਜੁੜਿਆ ਨਹੀਂ ਹੈ | ਇਹ ਦੇਸ਼ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਦੌਰਾ ਕਰ ਰਹੇ ਹਨ ਅਤੇ ਜੇਕਰ ਕੋਈ ਰਾਜਨੀਤਿਕ ਦਲ ਜਾਂ ਰਾਜਨੀਤਿਕ ਨੇਤਾ ਉਹਨਾਂ ਦੇ ਦੌਰੇ ਨੂੰ ਰਾਜਨੀਤੀ ਨਾਲ ਜੁੜਿਆ ਦੱਸ ਰਿਹਾ ਹੈ ਤਾ ਉਹਨਾਂ ਦਾ ਚੈਲੰਜ ਹੈ ਕਿ ਉਹ ਸਾਬਤ ਕਰਨ ਕਿ ਉਹਨਾਂ ਕਦੇ ਕੋਈ ਬਿਆਨ ਜਾਂ ਫਿਰ ਲਫ਼ਜ ਐਸੇ ਬੋਲੇ ਹੋਣ ਜੋ ਰਾਜਨੀਤੀ ਨਾਲ ਪ੍ਰੇਰਿਤ ਹੋਣ |