ਚੰਡੀਗੜ੍ਹ, 25 ਅਪ੍ਰੈਲ, 2024: ਹਿਮਾਚਲ ਪ੍ਰਦੇਸ਼ ‘ਚ ਸਿੱਖਿਆ ਵਿਭਾਗ ਨੇ ਮੰਡੀ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੋਬਲੀ ਦੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ ਜੋ ਸ਼ਰਾਬ ਪੀ ਕੇ ਸਕੂਲ ਪਹੁੰਚੇ ਸਨ। ਮੁਅੱਤਲੀ ਤੋਂ ਬਾਅਦ ਅਧਿਆਪਕ ਖੇਮ ਸਿੰਘ ਦਾ ਹੈੱਡਕੁਆਰਟਰ ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫ਼ਤਰ (ਬੀ.ਈ.ਓ.) ਧਰਮਪੁਰ ਦੇ ਸਜੋ ਪਿੱਪਲੂ ਵਿਖੇ ਭੇਜ ਦਿੱਤਾ ਗਿਆ ਹੈ। ਇਹ ਕਾਰਵਾਈ ਡਿਪਟੀ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਮੰਡੀ ਜ਼ਿਲ੍ਹੇ ਵੱਲੋਂ ਕੀਤੀ ਗਈ ਹੈ।
ਦੱਸ ਦਈਏ ਕਿ ਬੀਤੇ ਬੁੱਧਵਾਰ ਖੇਮ ਸਿੰਘ ਸ਼ਰਾਬ ਦੇ ਨਸ਼ੇ ‘ਚ ਮੰਡੀ ਜ਼ਿਲੇ ਦੇ ਸ਼ੋਬਲੀ ‘ਚ ਸਕੂਲ ਪਹੁੰਚਿਆ ਅਤੇ ਬੱਚਿਆਂ ਨੂੰ ਕੰਮ ਦੇਣ ਤੋਂ ਬਾਅਦ ਸੌਂ ਗਿਆ। ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਕੂਲ ਆ ਗਏ ਅਤੇ ਅਧਿਆਪਕ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਸ਼ੂਟ ਕੀਤਾ ਜੋ ਹੁਣ ਵਾਇਰਲ ਹੋ ਰਿਹਾ ਹੈ।