ਚੰਡੀਗੜ੍ਹ, 20 ਨਵੰਬਰ 2024: ਕੈਨੇਡਾ (Canada) ਦੀ ਸਰਕਾਰ ਵੱਲੋਂ ਕੁਝ ਅਸਥਾਈ ਸੁਰੱਖਿਆ ਨਿਰੀਖਣ ਨਿਯਮ ਲਾਗੂ ਕੀਤੇ ਗਏ ਹਨ | ਜਿਨ੍ਹਾਂ ਕਰਕੇ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਚੱਲ ਰਹੇ ਤਣਾਅ ਦੇ ਵਿਚਕਾਰ ਕੈਨੇਡਾ ਸਰਕਾਰ ਨੇ ਇਕ ਹੋਰ ਨਵਾਂ ਹੁਕਮ ਜਾਰੀ ਕੀਤਾ ਹੈ | ਦਰਅਸਲ, ਕੈਨੇਡਾ ਸਰਕਾਰ ਨੇ ਕੈਨੇਡਾ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਵਾਧੂ ਸੁਰੱਖਿਆ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਇਹ ਜਾਣਕਾਰੀ ਦਿੱਤੀ ਹੈ । ਉਨ੍ਹਾਂ ਯਾਤਰੀਆਂ ਨੂੰ ਸਮੇਂ ਸਿਰ ਏਅਰਪੋਰਟ ਪਹੁੰਚਣ ਦੀ ਅਪੀਲ ਕੀਤੀ ਹੈ।
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦੇ ਮੁਤਾਬਕ ਟਰਾਂਸਪੋਰਟ ਕੈਨੇਡਾ (Canada) ਨੇ ਕੁਝ ਅਸਥਾਈ ਸੁਰੱਖਿਆ ਨਿਰੀਖਣ ਨਿਯਮ ਲਾਗੂ ਹਨ। ਇਸ ਕਾਰਨ ਯਾਤਰੀਆਂ ਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਨਿਯਮ ਕੈਨੇਡਾ ਏਅਰ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ ਵੱਲੋਂ ਲਾਗੂ ਕੀਤੇ ਜਾਂਦੇ ਹਨ।
ਇਹ ਏਜੰਸੀ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਜਾਂਚ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਲਈ ਜ਼ਿੰਮੇਵਾਰ ਹੁੰਦੀ ਹੈ। ਇਨ੍ਹਾਂ ਹੁਕਮਾਂ ਤਹਿਤ ਕੈਨੇਡਾ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਵਾਧੂ ਸੁਰੱਖਿਆ ਜਾਂਚਾਂ ‘ਚੋਂ ਲੰਘਣਾ ਪਵੇਗਾ |
ਇਸਦੇ ਨਾਲ ਹੀ ਕੈਨੇਡਾ ਸਰਕਾਰ ਨੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਚਾਰ ਘੰਟੇ ਪਹਿਲਾਂ ਏਅਰਪੋਰਟ ‘ਤੇ ਪਹੁੰਚਣ ਦੀ ਸਲਾਹ ਦਿੱਤੀ ਹੈ। ਦਰਅਸਲ, ਰਾਇਲ ਕੈਨੇਡੀਅਨ ਪੁਲਿਸ ਨੇ ਹਾਲ ਹੀ ‘ਚ ਦੋਸ਼ ਲਗਾਇਆ ਸੀ ਕਿ ਭਾਰਤੀ ਏਜੰਟ ਕੈਨੇਡਾ ‘ਚ ਸੰਗਠਿਤ ਅਪਰਾਧ, ਜਬਰਨ ਵਸੂਲੀ ਆਦਿ ਵਰਗੇ ਅਪਰਾਧਾਂ ‘ਚ ਸ਼ਾਮਲ ਹਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਇਨ੍ਹਾਂ ਕਾਰਨਾਂ ਕਰਕੇ ਨਵੇਂ ਹੁਕਮ ਜਾਰੀ ਕੀਤੇ ਹਨ |