ਮਣੀਪੁਰ, 02 ਫਰਵਰੀ 2026: ਮਣੀਪੁਰ ‘ਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਮਣੀਪੁਰ ਦੇ ਸਾਰੇ ਐਨਡੀਏ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਹੈ। ਰਿਪੋਰਟਾਂ ਮੁਤਾਬਕ ਸਾਰੇ ਵਿਧਾਇਕਾਂ ਨੂੰ 2 ਫਰਵਰੀ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ ਰਾਜਧਾਨੀ ‘ਚ ਮੌਜੂਦ ਰਹਿਣ ਲਈ ਕਿਹਾ ਗਿਆ ਸੀ। ਨਤੀਜੇ ਵਜੋਂ, ਸਾਰੇ ਵਿਧਾਇਕ 1 ਫਰਵਰੀ ਨੂੰ ਮਣੀਪੁਰ ਤੋਂ ਦਿੱਲੀ ਲਈ ਰਵਾਨਾ ਹੋ ਗਏ।
ਸੂਬਾ ਇਕਾਈ ਦੇ ਪ੍ਰਧਾਨ ਸਮੇਤ ਮਨੀਪੁਰ ਦੇ 20 ਤੋਂ ਵੱਧ ਭਾਜਪਾ ਵਿਧਾਇਕ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਬੈਠਕ ‘ਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਹਨ। ਇਸ ਤੋਂ ਪਹਿਲਾਂ, ਮਣੀਪੁਰ ਭਾਜਪਾ ਪ੍ਰਧਾਨ ਅਧੀਰਾਜਮਯੂਮ ਸ਼ਾਰਦਾ ਦੇਵੀ ਨੇ ਇੰਫਾਲ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ, “ਸਾਰੇ ਐਨਡੀਏ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸਾਨੂੰ ਉਮੀਦ ਹੈ ਅਤੇ ਵਿਸ਼ਵਾਸ ਹੈ ਕਿ ਇੱਕ ਲੋਕ ਸਰਕਾਰ ਬਣੇਗੀ।”
ਸਾਬਕਾ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਕਿਹਾ, “ਕਿਉਂਕਿ ਐਨਡੀਏ ਸਹਿਯੋਗੀਆਂ ਦੇ ਸਾਰੇ ਵਿਧਾਇਕਾਂ ਨੂੰ ਬੈਠਕ ‘ਚ ਸੱਦਾ ਦਿੱਤਾ ਜਾ ਰਿਹਾ ਹੈ, ਇਸ ਲਈ ਮੈਂ ਸਕਾਰਾਤਮਕ ਨਤੀਜੇ ਦੀ ਉਮੀਦ ਕਰਦਾ ਹਾਂ। ਸਾਰੇ ਭਾਜਪਾ ਵਿਧਾਇਕਾਂ ਦੀ ਇੱਕ ਬੈਠਕ ਪਹਿਲਾਂ ਹੋਈ ਸੀ। ਰਾਸ਼ਟਰਪਤੀ ਸ਼ਾਸਨ 12 ਫਰਵਰੀ ਨੂੰ ਖਤਮ ਹੋ ਰਿਹਾ ਹੈ।
ਇਹ ਪੁੱਛੇ ਜਾਣ ‘ਤੇ ਕਿ ਕੀ ਜੇਕਰ ਉਹ ਸੱਤਾ ‘ਚ ਹੁੰਦੇ ਤਾਂ ਸਥਿਤੀ ਵੱਖਰੀ ਹੁੰਦੀ, ਉਨ੍ਹਾਂ ਜਵਾਬ ਦਿੱਤਾ, “ਸਰਕਾਰ ਇੱਕ ਨਿਰੰਤਰ ਪ੍ਰਕਿਰਿਆ ਹੈ। ਮੈਂ ਮਣੀਪੁਰ ਦੇ ਦ੍ਰਿਸ਼ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ। ਪਹਾੜੀਆਂ ਅਤੇ ਵਾਦੀਆਂ ਦੋਵਾਂ ‘ਚ ਮਹੱਤਵਪੂਰਨ ਬਦਲਾਅ ਆਏ ਹਨ।”
ਜਿਕਰਯੋਗ ਹੈ ਕਿ ਮਈ 2023 ਤੋਂ ਮਣੀਪੁਰ ‘ਚ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਨਸਲੀ ਹਿੰਸਾ ‘ਚ 260 ਤੋਂ ਵੱਧ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਪਿਛਲੇ ਸਾਲ 13 ਫਰਵਰੀ ਨੂੰ ਮੁੱਖ ਮੰਤਰੀ ਵਜੋਂ ਐਨ. ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ, ਕੇਂਦਰ ਸਰਕਾਰ ਨੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਸੀ। ਮੌਜੂਦਾ ਮਣੀਪੁਰ ਵਿਧਾਨ ਸਭਾ ਦਾ ਕਾਰਜਕਾਲ 2027 ਤੱਕ ਹੈ, ਹਾਲਾਂਕਿ ਇਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮਣੀਪੁਰ ਵਿਧਾਨ ਸਭਾ ‘ਚ ਭਾਜਪਾ ਦੇ 60 ‘ਚੋਂ 37 ਵਿਧਾਇਕ ਹਨ। ਐਨਡੀਏ ਦੇ ਸਹਿਯੋਗੀ, ਐਨਪੀਪੀ ਦੇ ਛੇ ਹਨ, ਅਤੇ ਨਾਗਾ ਪੀਪਲਜ਼ ਫਰੰਟ (ਏਪੀਐਫ) ਦੇ ਪੰਜ ਹਨ। ਇਸ ਦੌਰਾਨ ਰਾਜੇਨ ਸਿੰਘ ਨੇ ਕਿਹਾ, “ਸਰਕਾਰ ਬਣਾਉਣ ਦੀ ਸੰਭਾਵਨਾ ਹੈ। ਹਾਲਾਂਕਿ, ਆਗੂ ਦੀ ਚੋਣ ਕੇਂਦਰੀ ਲੀਡਰਸ਼ਿਪ ਵੱਲੋਂ ਸੂਬੇ ਦੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤੀ ਜਾਵੇਗੀ। ਬੈਠਕ ਸੋਮਵਾਰ ਸ਼ਾਮ ਨੂੰ ਹੋਣ ਦੀ ਸੰਭਾਵਨਾ ਹੈ।” ਵਿਧਾਇਕ ਐਚ. ਡਿੰਗੋ ਨੇ ਕਿਹਾ ਕਿ ਬੈਠਕ ਸੋਮਵਾਰ ਸ਼ਾਮ ਨੂੰ ਹੈ, ਪਰ ਬੈਠਕ ਦਾ ਏਜੰਡਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਸਾਨੂੰ ਦਿੱਲੀ ਪਹੁੰਚਣ ਲਈ ਕਿਹਾ ਗਿਆ ਸੀ।”
Read More: Manipur News: ਮਣੀਪੁਰ ‘ਚ ਹਾਲਾਤ ਇੱਕ ਵਾਰ ਫਿਰ ਤਣਾਅਪੂਰਨ, ਇੰਟਰਨੈਟ ਬੰਦ




