July 8, 2024 9:10 pm
Google

ਗੂਗਲ ਦਾ 25ਵਾਂ ਜਨਮ ਦਿਨ: ਤਕਨੀਕੀ ਯੁੱਗ ‘ਚ ਗੂਗਲ ਨੂੰ ਕਿਸ ਤੋਂ ਖ਼ਤਰਾ ?

ਦੁਨੀਆ ਦਾ ਸਭ ਤੋਂ ਵੱਡਾ ਇੰਟਰਨੈੱਟ ਸਰਚ ਇੰਜਣ ‘ਗੂਗਲ’ (Google) ਅੱਜ ਆਪਣਾ 25ਵਾਂ ਜਨਮ ਦਿਨ ਮਨਾ ਰਿਹਾ ਹੈ। ਇਨ੍ਹਾਂ 25 ਸਾਲਾਂ ‘ਚ ਗੂਗਲ ‘ਚ ਕਈ ਨਵੇਂ ਅਪਡੇਟ ਆਏ ਤੇ ਅੱਜ ਗੂਗਲ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਅਸੀਂ ਕਦੇ ਵੀ ਕਿਸੇ ਬਾਰੇ ਜਾਣਕਾਰੀ ਲੈਣੀ ਹੈ, ਜਾਂ ਕਿਸੇ ਚੀਜ਼ ਦਾ ਮਤਲਬ ਪਤਾ ਕਰਨਾ ਹੋਵੇ ਤਾਂ ਸਭ ਤੋਂ ਪਹਿਲਾ ਖਿਆਲ ਸਾਨੂੰ ਗੂਗਲ ਦਾ ਹੀ ਆਉਂਦਾ ਹੈ। ਕਿਉਂਕਿ ਗੂਗਲ ਲਗਭਗ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੈ, ਤਾਹੀਂ ਅੱਜ ਇਸ ਨੂੰ ਇੰਟਰਨੈਟ ਦੀ ਦੁਨੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ।

ਗੂਗਲ ਦੀ ਸ਼ੁਰੂਆਤ: ਗੂਗਲ ਦੀ ਸ਼ੁਰੂਆਤ 4 ਸਤੰਬਰ 1998 ਨੂੰ ਹੋਈ ਸੀ। 2 ਅਮਰੀਕੀ ਕੰਪਿਊਟਰ ਵਿਗਿਆਨੀਆਂ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਨੇ ਗੂਗਲ ਦੀ ਖੋਜ ਮੇਨਲੋ ਪਾਰਕ, ​​ਕੈਲੀਫੋਰਨੀਆ ਦੇ ਇਕ ਗੈਰੇਜ ਵਿਖੇ ਕੀਤੀ, ਉਸ ਸਮੇਂ ਉਹ ਸਟੈਨਫੋਰਡ ਯੂਨੀਵਰਸਿਟੀ ‘ਚ PHD ਦੇ ਵਿਦਿਆਰਥੀ ਸਨ। ਦੋਵਾਂ ਨੇ Google.stanford.edu ਪਤੇ ‘ਤੇ ਇੰਟਰਨੈੱਟ ਸਰਚ ਇੰਜਣ ਬਣਾਇਆ ਸੀ। ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਲੈਰੀ ਅਤੇ ਬ੍ਰਿਨ ਨੇ ਪਹਿਲਾਂ ਇਸ ਸਰਚ ਇੰਜਣ ਦਾ ਨਾਮ Backrub ਰੱਖਿਆ ਸੀ, ਪਰ ਬਾਅਦ ਵਿੱਚ ਇਸ ਨੂੰ ਬਦਲ ਕੇ ਗੂਗਲ ਕਰ ਦਿੱਤਾ ਗਿਆ।

ਸਰਚ ਇੰਜਣ ਤੋਂ ਇਲਾਵਾ ਗੂਗਲ (Google) ਕੋਲ ਫਾਇਰਬੇਸ, ਫਿਟਬਿਟ, ਗੂਗਲ ਨੇਸਟ, ਗੂਗਲ ਮੈਪਸ ਤੇ ਗੂਗਲ ਏਆਈ ਵਰਗੀਆਂ ਹੋਰ ਐਪਸ ਵੀ ਹਨ। ਇੱਕ ਸਮਾਂ ਸੀ ਜਦੋਂ ਲੋਕ ਈਮੇਲ ਲਈ ਯਾਹੂ ਮੇਲ ਅਤੇ ਰੈਡਿੱਫ ਮੇਲ ਦੀ ਵਰਤੋਂ ਕਰਦੇ ਸੀ । ਉਸ ਸਮੇਂ ਗੂਗਲ ਨੇ ਜੀਮੇਲ ਲਾਂਚ ਕਰਕੇ ਲੋਕਾਂ ਨੂੰ ਇੱਕ ਨਵਾਂ ਵਿਕਲਪ ਦਿੱਤਾ ਤੇ ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਮੇਲਿੰਗ services ਵਿੱਚੋਂ ਇੱਕ ਹੈ। ਇਥੋਂ ਤੱਕ ਕਿ ਦੁਨੀਆ ਦਾ ਸਭ ਤੋਂ ਵੱਡਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ youtube ਵੀ ਗੂਗਲ ਦਾ ਹਿੱਸਾ ਹੈ।

ਇਸ ਦੇ ਨਾਲ ਹੀ ਸਮਾਰਟਫੋਨ ਨੂੰ ਚਲਾਉਣ ਲਈ ਵਰਤਿਆ ਜਾਣ ਵਾਲਾ ਐਂਡ੍ਰਾਇਡ ਓ.ਐੱਸ. ਵੀ ਗੂਗਲ ਦਾ ਹੈ। ਅੱਜ ਦੁਨੀਆਂ ਭਰ ‘ਚ ਲੋਕ ਗੂਗਲ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ‘ਤੇ ਨਿਰਭਰ ਹਨ। ਹਰ ਸਕਿੰਟ ‘ਚ ਗੂਗਲ ਤਕਰੀਬਨ 1 ਲੱਖ ਵੈੱਬ ਖੋਜਾਂ ਦੀ ਪ੍ਰਕਿਰਿਆ ਕਰਦਾ ਹੈ। ਇੰਟਰਨੈਟ ‘ਤੇ ਤੁਹਾਡੀ ਹਰ ਗਤੀਵਿਧੀ ‘ਤੇ ਗੂਗਲ ਆਪਣੀ ਅੱਖ ਰੱਖਦਾ ਹੈ ਅਤੇ ਤੁਹਾਨੂੰ ਉਹੋ ਜਿਹੀ ਹੀ ਸੂਚਨਾ ਉਪਲਬਧ ਕਰਵਾਉਦਾ ਰਹਿੰਦਾ ਹੈ। ਗੂਗਲ ਦੀ ਮਾਲਕ ਅਮਰੀਕਾ ਦੀ ਦਿੱਗਜ ਤਕਨੀਕੀ ਕੰਪਨੀ ਅਲਫਾਬੇਟ ਇੰਕ. ਹੈ। ਭਾਰਤੀ ਮੂਲ ਦੇ ਸੁੰਦਰ ਪਿਚਾਈ ਇਸ ਦੇ ਸੀ.ਈ.ਓ. ਹਨ। ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਕਟਰ ਵਿੱਚ ਵੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।

ਪਰ ਹੁਣ ਸਵਾਲ ਇਹ ਵੀ ਹੈ ਕਿ ਕੀ ਇਹ ਸਭ ਕੁੱਝ ਬਦਲ ਸਕਦਾ? ਕਿਉਂਕਿ ਜਿਵੇਂ ਇੱਕ ਸਮੇਂ ‘ਤੇ ਯਾਹੂ ਦਾ ਦੁਨੀਆਂ ਭਰ ‘ਚ ਬੋਲਬਾਲਾ ਸੀ, ਪਰ ਉਸ ਸਮੇਂ ਗੂਗਲ ਨੇ ਉਸ ਨੂੰ ਪਿਛਾਂਹ ਕਰਕੇ ਆਪਣੀ ਬਾਦਸ਼ਾਹਤ ਕਾਇਮ ਕੀਤੀ, ਤਾਂ ਕੀ ਹੁਣ ਭਵਿੱਖ ਵਿੱਚ ਗੂਗਲ ਨਾਲ ਵੀ ਇਹੋ ਜਿਹਾ ਕੁੱਝ ਹੋ ਸਕਦਾ ਹੈ? ਇਕ ਰਿਪੋਰਟ ਅਨੁਸਾਰ ਜਨਵਰੀ 2023 ਤੱਕ ਆਨਲਾਈਨ ਖੋਜ ਬਾਜ਼ਾਰ ਦੇ 85.5 ਫੀਸਦੀ ਤੋਂ ਵੱਧ ਆਨਲਾਈਨ ਖੋਜ ਖੇਤਰ ਵਿੱਚ ਗੂਗਲ ਦਾ ਲਗਭਗ ਏਕਾਧਿਕਾਰ ਹੈ। ਦੂਜਾ ਸਭ ਤੋਂ ਵੱਡਾ ਖੋਜ ਇੰਜਣ ਅਤੇ ਗੂਗਲ ਦਾ ਮੁੱਖ ਪ੍ਰਤੀਯੋਗੀ, 8.2% ਦੇ ਨਾਲ ਮਾਈਕ੍ਰੋਸਾਫਟ ਦਾ ‘ਬਿੰਗ’ ਹੈ।

ਪਿਛਲੇ ਸਮੇਂ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਮੋਹਰੀ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ। ਪਰ ਇਹ ਚਰਚਾ ਉਦੋਂ ਛਿੜੀ ਜਦੋਂ ਹਾਲ ਹੀ ‘ਚ Chat GPT ਦਾ ਜ਼ਿਕਰ ਹੋਇਆ। ਚੈਟਜੀਪੀਟੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਹੈ ਜੋ ਕਿ ਸਵਾਲਾਂ ਦੇ ਜਵਾਬ ਦੇਣ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕਰਦਾ ਹੈ। ਓਪਨ ਆਈ ਦੇ ਸੀਈਓ ਸੈਮ ਓਲਟਮੈਨ ਦੇ ਅਨੁਸਾਰ, ਪੰਜ ਦਿਨਾਂ ਦੇ ਅੰਦਰ, ਚੈਟਜੀਪੀਟੀ ਇੱਕ ਮਿਲੀਅਨ ਉਪਭੋਗਤਾਵਾਂ ਤੱਕ ਪਹੁੰਚ ਗਿਆ। ਇਸ ਦੇ ਮੁਕਾਬਲੇ ਗੂਗਲ ‘ਬਾਰਡ’ ਏਆਈ ਲੈ ਕੇ ਆਇਆ।

ਮਾਈਕ੍ਰੋਸਾਫਟ, ਗੂਗਲ (Google) ਅਤੇ ਕਈ ਛੋਟੇ ਵਿਰੋਧੀ ਆਪਣੇ ਖੋਜ ਫੰਕਸ਼ਨਾਂ ਅਤੇ ਹੋਰ ਐਪਲੀਕੇਸ਼ਨਾਂ ਵਿੱਚ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਨੂੰ ਏਕੀਕ੍ਰਿਤ ਕਰਨ ਦੀ ਦੌੜ ਵਿੱਚ ਹਨ। ਵਿਸ਼ਲੇਸ਼ਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਜਦੋਂ ਏਆਈ ਇਨੋਵੇਸ਼ਨ ਦੀ ਗੱਲ ਆਉਂਦੀ ਹੈ ਤਾਂ ਗੂਗਲ ਮੁਕਾਬਲੇ ਤੋਂ ਪਿੱਛੇ ਪੈ ਰਿਹਾ ਹੈ।

ਗੂਗਲ ਦੇ ਨਾਲ ਸਮੇਂ-ਸਮੇਂ ‘ਤੇ ਕਈ ਵਾਦ-ਵਿਵਾਦ ਵੀ ਜੁੜਦੇ ਰਹੇ। ਸ਼ਾਇਦ ਇਸ ਕਰਕੇ ਹੀ ਕਈ ਦੇਸ਼ਾ ਵਿੱਚ ਇਸ ਉਪਰ ਪਾਬੰਦੀ ਵੀ ਲਗਾਈ ਗਈ ਹੈ। ਚੀਨ ਵੀ ਇੱਕ ਅਜਿਹਾ ਦੇਸ਼ ਹੈ ਜਿਸ ਨੇ 2010 ਤੋਂ ਗੂਗਲ ਦੀਆਂ ਤਕਰੀਬਨ ਸਾਰੀਆਂ ਸੇਵਾਵਾਂ ਉਪਰ ਪਾਬੰਦੀਆ ਲਗਾਈਆਂ ਨੇ। ਟੈਕਸ ਤੋਂ ਬਚਣਾ, ਖੋਜ ਨਿਰਪੱਖਤਾ, ਕਾਪੀਰਾਈਟ, ਖੋਜ ਨਤੀਜਿਆਂ ਦੀ ਸੈਂਸਰਸ਼ਿਪ ਅਤੇ ਸਮਗਰੀ ਤੇ ਗੋਪਨੀਯਤਾ ਵਰਗੇ ਮੁੱਦਿਆਂ ‘ਤੇ ਗੂਗਲ ਦੀ ਆਲੋਚਨਾ ਹੁੰਦੀ ਰਹੀ ਹੈ ਅਤੇ ਪਿਛਲੇ ਸਮੇਂ ਵਿੱਚ ਵੱਖ-ਵੱਖ ਅਦਾਲਤਾਂ ਦੁਆਰਾ ਗੂਗਲ ਨੂੰ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ।

ਚੀਨ ਵਿੱਚ ਗੂਗਲ ‘ਤੇ ਕਾਰੋਬਾਰ ਕਰਨ ‘ਤੇ ਪਾਬੰਦੀ ਹੈ, ਉੱਥੇ ਨੰਬਰ ਇੱਕ ਖੋਜ ਇੰਜਣ ‘ਬੈਆਈਡੂ’ ਹੈ। ਹੁਣ ਜਿਵੇਂ ਜਿਵੇਂ ਤਕਨੀਕੀ ਖੇਤਰ ‘ਚ ਵਿਕਾਸ ਹੋ ਰਿਹਾ ਹੈ, ਕੰਪਨੀਆਂ ਦਾ ਆਪਸ ‘ਚ ਮੁਕਾਬਲਾ ਵੀ ਵਧ ਰਿਹਾ ਹੈ। ਜਿਹੜੀ ਵੀ ਕੰਪਨੀ ਆਪਣੇ users ਸਾਹਮਣੇ ਨਵੀਂ ਤਕਨੀਕ ਪੇਸ਼ ਕਰੇਗੀ ਉਹ ਹੀ ਡਿਜੀਟਲ ਦੁਨੀਆਂ ‘ਚ top ‘ਤੇ ਰਹੇਗੀ। ਗੂਗਲ ਅੱਗੇ ਕਈ ਚੁਣੋਤੀਆਂ ਤਾਂ ਹੈ ਪਰ ਅਜੇ ਉਸ ਨੂੰ ਪਿੱਛੇ ਛੱਡਣਾ ਸੰਭਵ ਨਹੀਂ ਜਾਪਦਾ।