Amritsar

ਖੁਸ਼ਖਬਰੀ: ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਸਲਾਨਾ 30 ਲੱਖ ਯਾਤਰੀਆਂ ਦੀ ਸੂਚੀ ‘ਚ ਸ਼ਾਮਲ

ਅੰਮ੍ਰਿਤਸਰ 30 ਅਪ੍ਰੈਲ 2024: ਅੰਮ੍ਰਿਤਸਰ (Amritsar) ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ 31 ਮਾਰਚ ਨੂੰ ਖਤਮ ਹੋਏ 2023-24 ਵਿੱਤੀ ਵਰੇ੍ਹ ਦੌਰਾਨ 3 ਮਿਲੀਅਨ (30-ਲੱਖ) ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਸ ਸੰਬੰਧੀ ਜਾਣਕਾਰੀ, ਅੰਮ੍ਰਿਤਸਰ ਹਵਾਈ ਅੱਡੇ ਦੇ ਹਵਾਈ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਗਲੋਬਲ ਐਡਵੋਕੇਸੀ ਗਰੱੁਪ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਸਾਂਝੀ ਕੀਤੀ ਹੈ।

ਗੁਮਟਾਲਾ ਅਨੁਸਾਰ, ਮਾਰਚ 2024 ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿੱਤੀ ਸਾਲ 2023-24 (1 ਅਪ੍ਰੈਲ ਤੋਂ 31 ਮਾਰਚ ਤੱਕ) ਦੌਰਾਨ 30,85,598 ਯਾਤਰੀਆਂ ਨੇ ਹਵਾਈ ਸਫਰ ਕੀਤਾ। ਇਹ ਨੰਬਰ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 22.6% ਪ੍ਰਤੀਸ਼ਤ ਵੱਧ ਹਨ, ਜੱਦ ਕਿ ਇੱਥੋਂ ਕੁੱਲ 25,16,518 ਯਾਤਰੀਆਂ ਨੇ ਉਡਾਣ ਭਰੀ ਸੀ। ਇਸ ਵਿੱਚ 9,81,405 ਅੰਤਰਰਾਸ਼ਟਰੀ ਅਤੇ 21,04,193 ਘਰੇਲੂ ਯਾਤਰੀ ਸ਼ਾਮਲ ਹਨ। ਇਹ ਅੰਕੜੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ 30% ਅਤੇ ਘਰੇਲੂ ਯਾਤਰੀਆਂ ਵਿੱਚ 19.5% ਦਾ ਵਾਧਾ ਦਰਸਾਉਂਦਾ ਹੈ।

ਇਨੀਸ਼ੀਏਟਿਵ ਦੁਆਰਾ ਕੀਤੇ ਗਏ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁੱਲ ਯਾਤਰੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਹੁਣ ਹਵਾਈ ਯਾਤਰੀਆਂ ਦੀ ਕੁੱਲ ਗਿਣਤੀ ‘ਚ 25ਵੇਂ ਸਥਾਨ ਤੋਂ 23ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਏਅਰਪੋਰਟ ਅਥਾਰਟੀ ਦੁਆਰਾ ਹਰ ਮਹੀਨੇ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕੁੱਲ 40 ਅੰਤਰਰਾਸ਼ਟਰੀ ਅਤੇ 95 ਘਰੇਲੂ ਹਵਾਈ ਅੱਡੇ ਸ਼ਾਮਲ ਹਨ।

ਹਵਾਈ ਅੱਡੇ ‘ਤੋਂ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 10.9% ਵਾਧਾ ਹੋਇਆ, ਜੋ ਕਿ ਵਿੱਤੀ ਸਾਲ 2022-23 ਦੌਰਾਨ ਕੁੱਲ 19,251 ਤੋਂ ਵਧ ਕੇ ਵਿੱਤੀ ਸਾਲ 2023-24 ਦੌਰਾਨ 21,648 ਹੋ ਗਈ। ਯਾਤਰੀ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਵਿੱਚ ਇਹ ਵਾਧਾ ਸ਼ੁਰੂ ਹੋਈਆਂ ਨਵੀਆਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਅਤੇ ਪਹਿਲਾਂ ਤੋਂ ਹੀ ਚੱਲ ਰਹੀਆਂ ਉਡਾਣਾਂ ‘ਚ ਵੱਧ ਯਾਤਰੀਆਂ ਵੱਲੌਂ ਸਫਰ ਕਾਰਨ ਹੋਇਆ ਹੈ।

ਗੁਮਟਾਲਾ ਨੇ ਅੱਗੇ ਦੱਸਿਆ ਕਿ ਮਾਰਚ 2024 ਵਿੱਚ, ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁੱਲ 3,16,495 ਯਾਤਰੀਆਂ ਨੇ ਉਡਾਣ ਭਰੀ ਜਿਸ ਵਿੱਚ 2,17,495 ਘਰੇਲੂ ਅਤੇ 99,000 ਅੰਤਰਰਾਸ਼ਟਰੀ ਯਾਤਰੀ ਸਨ। ਇਹ ਗਿਣਤੀ ਮਾਰਚ 2023 ਦੇ ਮੁਕਾਬਲੇ 22.6% ਵੱਧ ਹੈ। ਅੰਕੜਿਆਂ ਤੋਂ ਸਾਹਮਣੇ ਆਇਆ ਕਿ ਏਅਰਪੋਰਟ ਦੇ ਇਤਿਹਾਸ ਵਿੱਚ ਦਸੰਬਰ 2023 ਵਿੱਚ 3,38,512 ਯਾਤਰੀਆਂ ਤੌਂ ਬਾਦ ਇਹ ਦੂਜੀ ਸੱਭ ਤੋਂ ਵੱਡੀ ਗਿਣਤੀ ਹੈ।

ਵਰਤਮਾਨ ਵਿੱਚ ਅੰਮ੍ਰਿਤਸਰ  ਹਵਾਈ ਅੱਡੇ (Amritsar Airport) ਦਾ ਸੰਪਰਕ ਦੁਬਈ, ਸ਼ਾਰਜਾਹ, ਦੋਹਾ, ਰੋਮ, ਮਿਲਾਨ, ਲੰਡਨ ਗੈਟਵਿਕ, ਬਰਮਿੰਘਮ, ਸਿੰਗਾਪੁਰ ਅਤੇ ਕੁਆਲਾਲੰਪੁਰ ਸਮੇਤ 9 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਜੁੜਿਆ ਹੋਇਆ ਹੈ। ਇੱਥੌ ਰੋਜ਼ਾਨਾਂ ਔਸਤਨ 10,000 ਤੋਂ ਵੱਧ ਯਾਤਰੀ ਉਡਾਣਾਂ ਲੈਂਦੇ ਹਨ ਅਤੇ ਲਗਭਗ 65 ਉਡਾਣਾਂ ਦੀ ਰਵਾਨਗੀ ਅਤੇ ਆਮਦ ਹੁੰਦੀ ਹੈ।

ਗੁਮਟਾਲਾ ਨੇ ਹਵਾਈ ਅੱਡੇ ਤੋਂ ਯਾਤਰੀਆਂ ਦੀ ਆਵਾਜਾਈ 30 ਲੱਖ ਪਾਰ ਕਰਨ ਨਾਲ ਇਹ ਆਸ ਪ੍ਰਗਟਾਈ ਕਿ ਇੱਥੋਂ ਹੁਣ ਹੋਰ ਏਅਰਲਾਈਨਾਂ ਵੀ ਆਕਰਸ਼ਿਤ ਹੋਣਗੀਆਂ। ਉਨ੍ਹਾਂ ਨੇ ਇਸ ਮੀਲ ਪੱਥਰ ਨੂੰ ਹਾਸਲ ਕਰਨ ਵਿੱਚ ਸਹਿਯੋਗ ਦੇਣ ਲਈ ਯਾਤਰੀਆਂ, ਵਿਦੇਸ਼ ਵੱਸਦੇ ਪੰਜਾਬੀ ਭਾਈਚਾਰੇ, ਏਅਰਲਾਈਨ ਅਤੇ ਏਅਰਪੋਰਟ ਅਥਾਰਟੀ ਸਮੇਤ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਕੀਤਾ।

ਵਾਧੇ ਦੇ ਨਾਲ ਨਾਲ, ਗੁਮਟਾਲਾ ਨੇ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਬੱਸ ਸੇਵਾ ਸ਼ੁਰੂ ਕਰਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਉਜਾਗਰ ਕੀਤਾ, ਜਿਸ ਨੂੰ ਰਾਜ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਨਿਰਾਸ਼ਾ ਪ੍ਰਗਟ ਕੀਤੀ ਕਿ ਬੱਸ ਸੇਵਾ ਸ਼ੁਰੂ ਕਰਨ ਦੀ ਬਜਾਏ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੰਪਰਕ ਨੂੰ ਵਧਾ ਅਤੇ ਉਤਸ਼ਾਹਤ ਕਰ ਰਹੀ ਹੈ।

Scroll to Top