Golden Liones District A-2

ਗੋਲਡਨ ਲਾਇਨੈਸ ਡਿਸਟ੍ਰਿਕਟ ਏ-2 ਸੰਸਥਾ ਨੇ ਲੋੜਵੰਦ ਅਪਾਹਜ ਵਿਅਕਤੀਆਂ ਲਈ ਲਗਾਇਆ ਮੁਫ਼ਤ ਕੈਂਪ

ਚੰਡੀਗੜ੍ਹ, 10 ਜੁਲਾਈ 2024: ਗੋਲਡਨ ਲਾਇਨੈਸ ਡਿਸਟ੍ਰਿਕਟ ਏ-2 ਸੰਸਥਾ ਨੇ ਅੱਜ ਚੰਡੀਗੜ੍ਹ ਦੇ ਸੈਕਟਰ-7 ‘ਚ ਲੋੜਵੰਦ ਅਪਾਹਜ ਵਿਅਕਤੀਆਂ ਲਈ ਮੁਫ਼ਤ ਕੈਂਪ ਲਗਾਇਆ | ਇਸ ਦੌਰਾਨ 50 ਤੋਂ ਵੱਧ ਲੋੜਵੰਦ ਅਪਾਹਜ ਵਿਅਕਤੀਆਂ ਨੂੰ ਮੁਫ਼ਤ ਵ੍ਹੀਲਚੇਅਰ, ਅਪਾਹਜ ਬੱਚਿਆਂ ਦੇ ਨਾਪ ਦੇ ਜੁੱਤੇ, ਸਟਿਕ, ਕੰਨਾਂ ਵਾਲੀ ਮਸ਼ੀਨ ਆਦਿ ਜ਼ਰੂਰਤ ਦਾ ਸਮਾਨ ਦਿੱਤਾ ਗਿਆ | ਮਨੁੱਖਤਾ ਦੀ ਸੇਵਾ ‘ਚ ਇਸ ਸੰਸਥਾ ਵੱਲੋਂ ਸਿੱਖਿਆ, ਸਿਹਤ ਆਦਿ ‘ਚ ਲੋੜਵੰਦ ਵਿਅਕਤੀਆਂ ਦੀ ਸੇਵਾ ਕਰ ਰਹੀ ਹੈ |

ਇਸ ਮੌਕੇ ਸੰਸਥਾ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਖੰਨਾ ਨੇ ਦੱਸਿਆ ਕਿ ਗੋਲਡਨ ਲਾਇਨੈਸ ਡਿਸਟ੍ਰਿਕਟ ਏ-2 ਸੰਸਥਾ ਨੇ ਚੰਡੀਗੜ੍ਹ, ਅੰਬਾਲਾ, ਕੈਥਲ, ਦਿੱਲੀ-ਐਨਸੀਆਰ ‘ਚ ਕਲੱਬ ਬਣਾਏ ਹਨ, ਜਿਸ ‘ਚ ਕੋਈ ਵੀ ਲੋੜਵੰਦ ਵਿਅਕਤੀ ਮੁਫ਼ਤ ਸਹਾਇਤਾ ਪ੍ਰਾਪਤ ਕਰ ਸਕਦਾ ਹੈ |

ਉਨ੍ਹਾਂ ਦੱਸਿਆ ਕਿ ਦਿੱਲੀ ‘ਚ ਵੀ ਗੋਲਡਨ ਲਾਇਨੈਸ ਡਿਸਟ੍ਰਿਕਟ ਏ-2 ਸੰਸਥਾ ਅਜਿਹੇ ਹੋਰ ਕਲੱਬ ਖੋਲ੍ਹਣ ਜਾ ਰਹੀ ਹੈ | ਇਸਦੇ ਨਾਲ ਹੀ ਖੰਨਾ ‘ਚ 17 ਕਲੱਬ ਖੋਲ੍ਹੇ ਗਏ ਹਨ | ਉਨ੍ਹਾਂ ਦੱਸਿਆ ਕਿ ਜਿੱਥੇ ਵੀ ਕਿਸੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਸਟੇਸ਼ਨਰੀ ਦਾ ਸਮਾਨ ਆਦਿ ਦੀ ਜ਼ਰੂਰਤ ਹੁੰਦੀ ਤਾਂ ਉਨ੍ਹਾਂ ਨੂੰ ਕਲੱਬ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਂਦੀ ਹੈ | ਕੋਈ ਵੀ ਲੋੜਵੰਦ ਵਿਅਕਤੀਆਂ ਸਾਡੇ ਕਿਸੇ ਵੀ ਕਲੱਬ ‘ਚ ਆ ਸਕਦਾ ਹੈ |

ਇਨ੍ਹਾਂ ਕਲੱਬਾਂ ‘ਚ ਵਲੰਟੀਅਰ ਆਪ ਮੁਹਾਰੇ ਸਹਾਇਤਾ ਪ੍ਰਦਾਨ ਕਰਦੇ ਹਨ, ਜੇਕਰ ਲੋੜਵੰਦ ਦੀ ਸਹਾਇਤਾ ਲਈ ਸਾਡੇ ਕਿਸੇ ਕਲੱਬ ਨੂੰ ਵੱਧ ਪੈਸੇ ਦੀ ਲੋੜ ਹੁੰਦੀ ਹੈ ਤਾਂ ਸਭ ਕਲੱਬ ਮਿਲ ਕੇ ਮੱਦਦ ਕਰਦੇ ਹਨ | ਸੰਸਥਾ ਵੱਲੋਂ ਖਰਚ ਕੀਤਾ ਜਾਂਦਾ ਸਾਰਾ ਪੈਸਾ ਕਲੱਬ ਦੇ ਮੈਂਬਰਾਂ ਵੱਲੋਂ ਹੀ ਇਕੱਠਾ ਕੀਤਾ ਜਾਂਦਾ ਹੈ |

ਗੋਲਡਨ ਲਾਇਨੈਸ ਡਿਸਟ੍ਰਿਕਟ ਏ-2 ਸੰਸਥਾ ਨੇ ਕਈ ਕੈਂਸਰ ਦੇ ਮਰੀਜਾਂ ਦਾ ਇਲਾਜ ਕਰਵਾਇਆ ਹੈ | ਇਸਦੇ ਨਾਲ ਹੀ ਅੱਖਾਂ ਦੇ ਮੁਫ਼ਤ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਲੋੜਵੰਦਾਂ ਦਾ ਆਪ੍ਰੇਸ਼ਨ ਹੋਣਾ ਹੁੰਦਾ ਹੈ, ਉਨ੍ਹਾਂ ਨੂੰ ਦਿੱਲੀ ਲਿਜਾ ਕੇ ਮੁਫ਼ਤ ਆਪ੍ਰੇਸ਼ਨ ਕੀਤਾ ਜਾਂਦਾ ਹੈ |

ਨੀਲਮ ਖੰਨਾ ਨੇ ਦੱਸਿਆ ਵ੍ਰਿੰਦਾਵਨ ਦੇ ਇੱਕ ਸਕੂਲ ‘ਚ ਕਈ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਜਰੂਰਤ ਸੀ | ਉਸ ਸਕੂਲ ‘ਚ ਵਿਦਿਆਰਥੀਆਂ ਲਈ ਕਿਤਾਂਬਾਂ ਭੇਜੀਆਂ ਗਈਆਂ ਹਨ ਅਤੇ ਸਕੂਲ ‘ਚ ਮੁਫ਼ਤ ਸਿਹਤ ਚੈੱਕਅੱਪ ਕੈਂਪ ਵੀ ਲਗਾਇਆ ਗਿਆ | ਉਨ੍ਹਾਂ ਕਿਹਾ ਇਹ ਸੰਸਥਾ ਆਪਣਾ ਦਾਇਰਾ ਹੋਰ ਵੀ ਵਧਾ ਰਹੀ ਹੈ ਤਾਂ ਜੋ ਹੋਰ ਵੀ ਲੋੜਵੰਦ ਵਿਅਕਤੀਆਂ ਦੀ ਮੱਦਦ ਕੀਤੀ ਜਾ ਸਕੇ |

ਇਸ ਮੌਕੇ ਸ਼੍ਰੀਮਤੀ ਮਨਜੀਤ ਭੰਮਰਾ ਨੇ ਕਿਹਾ ਕਿ ਗੋਲਡਨ ਲਾਇਨੈਸ ਡਿਸਟ੍ਰਿਕਟ ਏ-2 ਸੰਸਥਾ ਪਹਿਲਾਂ ਵੀ ਕਈ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ | ਇਸਦੇ ਨਾਲ ਹੁਣ ਲੋੜਵੰਦ ਅਪਾਹਜ ਵਿਅਕਤੀਆਂ ਦੀ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ |

ਉਨ੍ਹਾਂ ਦੱਸਿਆ ਇਹ ਮੁਹਿੰਮ ਲਗਭਗ 30 ਸਾਲ ਪਹਿਲਾਂ ਸ੍ਰੀਮਤੀ ਲਲੀਤਾ ਨੇ ਸ਼ੁਰੂ ਕੀਤੀ ਸੀ | ਇਸ ਤਹਿਤ ਲੋੜਵੰਦ ਅਪਾਹਜ ਵਿਅਕਤੀਆਂ ਨੂੰ ਮੁਫ਼ਤ ਵ੍ਹੀਲਚੇਅਰ, ਵਾਕਰ ਸਟਿਕ, ਅਪਾਹਜ ਬੱਚਿਆਂ ਅਤੇ ਵਿਅਕਤੀਆਂ ਦੇ ਨਾਪ ਦੇ ਜੁੱਤੇ, ਕੰਨਾਂ ਵਾਲੀ ਮਸ਼ੀਨ ਆਦਿ ਮੁਫ਼ਤ ਦਿੱਤਾ ਜਾਂਦਾ ਹੈ |

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਨੀਲਮ ਖੰਨਾ ਦੇ ਨਾਲ ਸ਼੍ਰੀਮਤੀ ਪ੍ਰੇਮ ਲਤਾ, ਕੌਂਸਲਰ ਚੰਡੀਗੜ੍ਹ, ਚੇਅਰਪਰਸ਼ਨ ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀਮਤੀ ਮਨਜੀਤ ਭੰਮਰਾ, ਸ੍ਰੀਮਤੀ ਲਲੀਤਾ, ਕਿਰਨ ਹਸੀਜਾ, ਰਾਸ਼ੀ ਬਜਾਜ, ਨੀਲਮ ਪੂਰੀ, ਵਿਨੀ ਭਟਨਾਗਰ ਆਦਿ ਹਾਜ਼ਰ ਰਹੇ |

Scroll to Top