July 7, 2024 1:33 pm
Global Sikh Council

ਗਲੋਬਲ ਸਿੱਖ ਕੌਂਸਲ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਨਾਂ ਬਦਲ ਕੇ ‘ਵੀਰ ਬਾਲ ਦਿਵਸ’ ਰੱਖਣ ਨੂੰ ਮੂਲੋਂ ਨਕਾਰਿਆ

ਚੰਡੀਗੜ੍ਹ, 26 ਸਤੰਬਰ 2023: ਕਰੀਬ ਤਿੰਨ ਦਰਜਨ ਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੀ ਅੰਤਰਰਾਸ਼ਟਰੀ ਪ੍ਰਤੀਨਿਧ ਸੰਸਥਾ ‘ਗਲੋਬਲ ਸਿੱਖ ਕੌਂਸਲ’ (Global Sikh Council) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ‘ਵੀਰ ਬਾਲ ਦਿਵਸ’ ਦੇ ਨਾਮਕਰਨ ‘ਤੇ ਮੁੜ ਵਿਚਾਰ ਕਰਨ ਅਤੇ ਇਸ ਦੀ ਬਜਾਏ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਐਲਾਨ ਕਰਨ ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਫਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਮਹਾਨ ਕੁਰਬਾਨੀ ਦੀ ਯਾਦ ਵਿੱਚ ਮਨਾਇਆ ਜਾਂਦਾ ਸਲਾਨਾ ਸਹੀਦੀ ਦਿਹਾੜਾ ਸਿੱਖ ਸੰਸਕਾਰਾਂ ਅਤੇ ਭਾਵਨਾਵਾਂ ਨਾਲ ਮੇਲ ਖਾ ਸਕੇ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ, ਜੀ.ਐਸ.ਸੀ. ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਨੇ ਭਾਰਤ ਸਰਕਾਰ ਵੱਲੋਂ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ‘ਵੀਰ ਬਾਲ ਦਿਵਸ’ ਵਜੋਂ ਨਾਮ ਬਦਲਣ ਬਾਰੇ ਕੌਂਸਲ ਵੱਲੋਂ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ 10ਵੇਂ ਗੁਰੂ ਸਾਹਿਬਾਨ ਦੇ ਇਨ੍ਹਾਂ ਪਿਆਰੇ ਸਪੁੱਤਰਾਂ ਦਾ ਕੁੱਲ ਦੁਨੀਆ ਵਿੱਚ ਵਿਆਪਕ ਤੌਰ ‘ਤੇ ਧਰਮ ਤੋਂ ਉੱਪਰ ਉੱਠ ਕੇ ਸਤਿਕਾਰ ਕੀਤਾ ਜਾਂਦਾ ਹੈ ਅਤੇ ‘ਸਾਹਿਬਜ਼ਾਦਿਆਂ’ ਵਜੋਂ ਜਾਣਿਆ ਜਾਂਦਾ ਹੈ। ਆਪਣੇ ਸਮੇਂ ਦੇ ਮੁਗਲ ਸ਼ਾਸਕਾਂ ਦੇ ਜ਼ੁਲਮ ਵਿਰੁੱਧ ਉਨ੍ਹਾਂ ਦੀਆਂ ਨਿੱਡਰ ਚੁਣੌਤੀਆਂ ਕਾਰਨ, ਇਤਿਹਾਸ ਵਿੱਚ ਉਨ੍ਹਾਂ ਦੇ ਨਾਵਾਂ ਤੋਂ ਪਹਿਲਾਂ ‘ਬਾਬਾ’ ਦਾ ਖਿਤਾਬ ਦਿੱਤਾ ਹੋਇਆ ਹੈ।

ਪੱਤਰ ਵਿੱਚ ਲੇਡੀ ਸਿੰਘ ਨੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਸਿੱਖ ਕੌਮ ਲਈ ਨਿਰਾਸ਼ਾਜਨਕ ਹੈ ਕਿ ਇਨ੍ਹਾਂ ਸਤਿਕਾਰਤ ‘ਬਾਬਿਆਂ’ ਅਤੇ ‘ਸਾਹਿਬਜ਼ਾਦਿਆਂ’ ਨੂੰ ਹੁਣ ਕੇਂਦਰੀ ਸਰਕਾਰ ਵੱਲੋਂ ‘ਬਾਲ’ (ਬੱਚੇ) ਕਹਾਇਆ ਜਾ ਰਿਹਾ ਹੈ ਜੋ ਕਿ ਸਿੱਖਾਂ ਨੂੰ ਮਨਜ਼ੂਰ ਨਹੀਂ। ਇਸੇ ਕਰਕੇ ਅਸੀਂ ਕੇਂਦਰ ਸਰਕਾਰ ਨੂੰ ਸਿੱਖ ਭਾਵਨਾਵਾਂ ਦਾ ਆਦਰ-ਸਨਮਾਨ ਕਰਨ ਦੀ ਅਪੀਲ ਕਰਦੇ ਹਾਂ।

ਕੌਂਸਲ (Global Sikh Council) ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਨੇ ਇਹ ਵੀ ਲਿਖਿਆ ਹੈ ਕਿ ਭਾਜਪਾ ਵੱਲੋਂ ਰੱਖੇ ਗਏ ਇਸ ਨਵੇਂ ਨਾਮਕਰਨ ਨੂੰ ਸਿੱਖ ‘ਪੰਥ’ ਦੀ ਪ੍ਰਵਾਨਗੀ ਨਹੀਂ। ਇੱਥੋਂ ਤੱਕ ਕਿ ਸਿੱਖਾਂ ਦੀ ਸਰਵਉੱਚ ਸੰਵਿਧਾਨਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਧਾਰਮਿਕ ਜਥੇਬੰਦੀਆਂ ਨੇ ਵੀ ਇਸ ਨਾਮ ’ਤੇ ਵੱਡਾ ਇਤਰਾਜ਼ ਜਤਾਇਆ ਹੈ ਕਿਉਂਕਿ ਇਸ ਨਵੇਂ ਨਾਮ ਦਾ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਅਤੇ ਸਿੱਖ ਪਰੰਪਰਾਵਾਂ ਨਾਲ ਜੁੜੀਆਂ ਭਾਵਨਾਵਾਂ, ਵਿਚਾਰਧਾਰਾ ਅਤੇ ਜਜ਼ਬਾਤ ਨਾਲ ਮੇਲ ਨਾ ਹੋਣ ‘ਤੇ ਚਿੰਤਾ ਪ੍ਰਗਟ ਕੀਤੀ ਹੈ।

ਦੱਸਣਯੋਗ ਹੈ ਕਿ ਜੀ.ਐਸ.ਸੀ. ਸਿੱਖ ਧਾਰਮਿਕ ਸੰਸਥਾਵਾਂ ਦੀ ਬਿਹਤਰੀ ਅਤੇ ਭਾਈਚਾਰੇ ਦੇ ਲੋੜਵੰਦ ਵਰਗਾਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਦਿਆਂ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਇਕਜੁੱਟ ਕਰਨ ਅਤੇ ਅੰਤਰਰਾਸ਼ਟਰੀ ਮੰਚ ‘ਤੇ ਉਨ੍ਹਾਂ ਦੀ ਨੁਮਾਇੰਦਗੀ ਕਰਦੀ ਹੈ।