July 7, 2024 5:25 pm
Harjot Singh Bains

ਦਸਵੀਂ ਜਮਾਤ ਦੇ ਨਤੀਜਿਆਂ ‘ਚ ਕੁੜੀਆਂ ਮੋਹਰੀ, ਸਿੱਖਿਆ ਮੰਤਰੀ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,26 ਮਈ 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ (10th results) ਦੇ ਨਤੀਜਿਆਂ ਦੇ ਐਲਾਨ ਕਰ ਦਿੱਤਾ ਗਿਆ। ਐਲਾਨੇ ਗਏ ਨਤੀਜਿਆਂ ਅਨੁਸਾਰ ਪਹਿਲੇ ਤਿੰਨ ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ।ਫਰੀਦਕੋਟ ਜਿਲ੍ਹੇ ਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 650 ਵਿਚੋਂ 650 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਵਿਦਿਆਰਥਣ ਨਵਜੋਤ ਪੁੱਤਰੀ ਵਿਜੇ ਕੁਮਾਰ ਨੇ 650ਵਿਚੋ 648 ਦੂਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਗੌਰਮੈਟ ਹਾਈ ਸਕੂਲ ਮੰਡਾਲੀ ਜਿਲ੍ਹਾ ਮਾਨਸਾ ਦੀ ਹਰਮਨਦੀਪ ਕੋਰ ਸਪੁੱਤਰੀ ਸੁਖਵਿੰਦਰ ਸਿੰਘ ਨੇ 650 ਵਿਚੋਂ 646 ਅੰਕ ਹਾਸਲ ਕਰਕੇ ਸੂਬੇ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਾਰ 290796 ਵਿਦਿਆਰਥੀ ਪੇਪਰਾਂ ਵਿੱਚ ਬੈਠੇ ਸਨ , ਜਿਨਾਂ ਵਿਚੋਂ 281905 ਵਿਦਿਆਰਥੀ ਪਾਸ ਹੋਏ ਹਨ ਜਦਕਿ 653 ਵਿਦਿਆਰਥੀ ਫੇਲ ਹੋਏ ਹਨ। ਇਸ ਤੋਂ ਇਲਾਵਾ 6171 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਅਤੇ 103 ਵਿਦਿਅਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲੜਕੀਆਂ ਦੀ ਪਾਸ ਫੀਸਦ 98.46 ਫੀਸਦੀ ਰਹੀ ਅਤੇ ਲੜਕਿਆਂ ਦੀ ਪਾਸ ਫੀਸਦ 96.73 ਰਹੀ ਹੈ। ਸ਼ਹਿਰੀ ਖੇਤਰਾਂ ਵਿਚ ਪਾਸ ਫੀਸਦ 96.77 , ਪੇਂਡੂ ਖੇਤਰਾਂ ਵਿਚ 97.94 ਅਤੇ ਸਰਕਾਰੀ ਸਕੂਲਾਂ ਵਿੱਚ 97.76 ਫੀਸਦ ਅਤੇ ਗੈਰ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸਤ 97.00 ਫੀਸਦ ਰਹੀ ਹੈ | ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ,ਅਧਿਆਪਕਾਂ ਅਤੇ ਉਨਾਂ ਦੇ ਮਾਪਿਆਂ ਨੂੰ ਵਧੀਆਂ ਨਤੀਜਿਆਂ (10th results) ਲਈ ਵਧਾਈ ਦਿੱਤੀ ਹੈ।