Jimpa

ਮੁਆਵਜ਼ਾ ਜਲਦੀ ਨਾਲ ਦੇਣ ਲਈ ਗਿਰਦਾਵਰੀ ਦੇ ਕੰਮ ’ਤੇ ਰੋਜ਼ਮਰਾ ਦੇ ਆਧਾਰ ’ਤੇ ਨਜ਼ਰ ਰੱਖੀ ਜਾ ਰਹੀ: ਬ੍ਰਮ ਸ਼ੰਕਰ ਜਿੰਪਾ

ਤੰਗੋਰੀ (ਐਸ.ਏ.ਐਸ. ਨਗਰ), 03 ਅਪ੍ਰੈਲ 2023: ਕਣਕ ਦੀ ਫਸਲ ਨੂੰ ਮੀਂਹ ਕਾਰਨ ਹੋਏ ਭਾਰੀ ਨੁਕਸਾਨ ਦੇ ਸਬੰਧ ਵਿੱਚ ਕਿਸਾਨਾਂ ਨੂੰ ਹਰ ਮਦਦ ਦੇਣ ਦਾ ਐਲਾਨ ਕਰਦੇ ਹੋਏ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਕਿਹਾ ਕਿ ਸੰਕਟ ਦੀ ਇਸ ਘੜੀ ’ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਇਸ ਮੁਸ਼ਕਲ ਸਮੇਂ ਕਿਸਾਨਾਂ ਦਾ ਸਾਥ ਦੇਣ ਲਈ ਪ੍ਰਤੀ ਏਕੜ ਮੁਆਵਜ਼ੇ ਵਿੱਚ 25 ਫੀਸਦੀ ਵਾਧਾ ਕਰ ਦਿੱਤਾ ਹੈ ਜੋ ਪੰਜਾਬ ਸਰਕਾਰ ਦੀ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰਾਖੀ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਹੈ।

ਅੱਜ ਐਸ.ਏ. ਐਸ. ਨਗਰ ਦੇ ਤੰਗੋਰੀ ਪਿੰਡ ਵਿੱਚ ਮੀਂਹ ਕਾਰਨ ਫਸਲ ਦੇ ਨੁਕਸਾਨ ਦਾ ਜਾਇਜਾ ਲੈਣ ਪਹੁੰਚੇ ਮਾਲ ਮੰਤਰੀ ਨੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਭਗਵੰਤ ਮਾਨ ਸਰਕਾਰ ਅੰਨਦਾਤਾ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਮੀਂਹ ਕਾਰਨ ਨੁਕਸਾਨ ਦੀ ਭਰਪਾਈ ਲਈ ਦ੍ਰਿੜ ਹੈ ਅਤੇ ਇਸ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਹੋਏ ਭਾਰੀ ਨੁਕਸਾਨ ਬਾਰੇ ਪੰਜਾਬ ਸਰਕਾਰ ਚੰਗੀ ਤਰ੍ਹਾਂ ਜਾਣੂੰ ਹੈ। ਇਸ ਕਰਕੇ ਹੀ ਉਸ ਨੇ ਗਿਰਦਾਵਰੀ ਤੋਂ ਪਹਿਲਾਂ ਹੀ ਮੁਆਵਜ਼ੇ ’ਚ 25 ਫ਼ੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਜਿੰਪਾ (Brahm Shankar Jimpa) ਨੇ ਕਿਹਾ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਯਕੀਨੀ ਬਣਾਉਣ ਲਈ ਗਿਰਦਾਵਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਫੀਲਡ ਦੇ ਦੌਰੇ ਵਧਾਉਣ ਲਈ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਕਿਹਾ ਹੈ। ਸਰਕਾਰ ਵੱਲੋਂ ਗਿਰਦਾਵਰੀਆਂ ਵਗੈਰਾ ਦੀ ਸਾਰੀ ਸਥਿਤੀ ’ਤੇ ਦੀ ਰੋਜ਼ਮਰਾ ਦੇ ਆਧਾਰ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਭਾਵਿਤ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਅਤੇ ਤੇਜ਼ੀ ਨਾਲ ਮੁਆਵਜ਼ਾ ਦਿੱਤਾ ਜਾ ਸਕੇ। ਜਿੰਪਾ ਕਿਹਾ ਕਿ ਇੱਕ ਮਾਲ ਮੰਤਰੀ ਦੇ ਤੌਰ ’ਤੇ ਉਹ ਖੁਦ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦੌਰਾਨ ਸਰਕਾਰੀ ਤੰਤਰ ਦੀ ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗਿਰਦਾਵਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਨੂੰ ਨਿਰਧਾਰਤ ਸਮੇਂ ਵਿੱਚ ਲਾਜ਼ਮੀ ਤੌਰ ’ਤੇ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਕਾਰਜ ਕਾਨੂੰਨ ਅਨੁਸਾਰ ਹੋਵੇਗਾ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਏ.ਡੀ.ਸੀ (ਜ) ਅਵਨੀਤ ਕੌਰ ਬਰਾੜ ਐਸ.ਡੀ.ਐਮ. ਮੋਹਾਲੀ, ਸਰਬਜੀਤ ਕੌਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰ ਪਰਸਨ ਪ੍ਰਭਜੋਤ ਕੌਰ ਵੀ ਹਾਜ਼ਰ ਸਨ।

Scroll to Top