ਚੰਡੀਗੜ੍ਹ, 5 ਜਨਵਰੀ 2024: ਪੰਜਾਬੀ ਫ਼ਿਲਮ ਵਾਰਨਿੰਗ ਦਾ ਅਗਲਾ ਭਾਗ ਵਾਰਨਿੰਗ 2 (Warning 2) 2 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਸ ਤੋਂ ਪਹਿਲਾਂ ਫ਼ਿਲਮ ਦਾ ਪਹਿਲਾ ਗੀਤ ‘ਚੰਨ’ (Chann) ਰਿਲੀਜ਼ ਹੋ ਚੁਕਿਆ ਹੈ। ਚੰਨ ਗੀਤ ਪੰਜਾਬੀ ਗਾਇਕ ਹੈਪੀ ਰਾਏਕੋਟੀ ਵੱਲੋਂ ਲਿਖਿਆ ਤੇ ਗਾਇਆ ਗਿਆ ਹੈ। ਇਸ ਗੀਤ ਨੇ ਆਉਂਦਿਆਂ ਹੀ ਦਰਸ਼ਕਾਂ ਦੇ ਦਿਲਾਂ ‘ਚ ਥਾਂ ਬਣਾ ਲਈ। ਹੁਣ ਤੱਕ ਇਸ ਗੀਤ ਨੂੰ 5 ਮਿਲੀਅਨ (Million Views) ਤੋਂ ਵੱਧ ਵਿਊਜ਼ ਮਿਲ ਚੁਕੇ ਹਨ।
ਹਰ ਸਾਲ ਕਈ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਦਰਸ਼ਕਾਂ ਦੇ ਜ਼ਹਿਨ ‘ਚ ਹਮੇਸ਼ਾ ਲਈ ਰਹਿ ਜਾਂਦੀਆਂ ਹਨ। 2021 ‘ਚ ਫ਼ਿਲਮ ਵਾਰਨਿੰਗ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਹੁਣ ਇਸ ਦੇ ਅਗਲੇ ਭਾਗ ਯਾਨੀ ਵਾਰਨਿੰਗ 2 ਦਾ ਵੀ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 13 ਦਸੰਬਰ 2023 ਨੂੰ ਵਾਰਨਿੰਗ 2 ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ।
ਟੀਜ਼ਰ ਵਿੱਚ ਗਿੱਪੀ ਗਰੇਵਾਲ (Gippy Grewal) ਤੇ ਪ੍ਰਿੰਸ ਕੰਵਲਜੀਤ ਖ਼ਤਰਨਾਕ ਲੁੱਕ ‘ਚ ਨਜ਼ਰ ਆ ਰਹੇ ਹਨ। ਇਹ ਇੱਕ ਐਕਸ਼ਨ-ਕਰਾਈਮ ਫ਼ਿਲਮ ਹੈ। ਇਸ ਦੇ ਵੀ ਨਿਰਦੇਸ਼ਕ ਅਮਰ ਹੁੰਦਲ ਹਨ ਅਤੇ ਇਸ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ। ਜ਼ਿਆਦਾਤਰ ਸਟਾਰਕਾਸਟ ਪੁਰਾਣੀ ਫ਼ਿਲਮ ਵਾਲੀ ਹੀ ਹੈ ਪਰ ਕੁਝ ਨਵੇਂ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਮੁੱਖ ਕਿਰਦਾਰ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ (Prince Kanwaljit Singh), ਰਾਜ ਸਿੰਘ ਝਿੰਜਰ, ਰਾਹੁਲ ਦੇਵ, ਰਘਵੀਰ ਬੋਲੀ ਤੇ ਜੈਸਮੀਨ ਭਸੀਨ ਨਿਭਾ ਰਹੇ ਹਨ।