July 5, 2024 1:24 am
Jalalpur

ਘਨੌਰ ਰੈਲੀ ਸੁੂਬੇ ‘ਚ ਮੁੜ ਕਾਂਗਰਸ ਸਰਕਾਰ ਲਿਆਉਣ ਦਾ ਬੰਨ੍ਹੇਗੀ ਮੁੱਢ : ਜਲਾਲਪੁਰ

ਘਨੌਰ 26 ਦਸੰਬਰ 2021 : 29 ਦਸੰਬਰ ਨੂੰ ਕੀਤੀ ਜਾ ਰਹੀ ਰੈਲੀ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ( Congress government)  ਲਿਆਉਣ ਦਾ ਮੁੱਢ ਬੰਨ੍ਹੇਗੀ ਅਤੇ ਕਾਂਗਰਸ ਬਹੁਮਤ ਨਾਲ ਆਪਣੀ ਸਰਕਾਰ ਬਣਾਉਣ ਵਿਚ ਸਫ਼ਲ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ (Jalalpur)ਨੇ ਅਨਾਜ ਮੰਡੀ ਘਨੌਰ ਵਿਖੇ ਰੈਲੀ ਦੀਆਂ ਤਿਆਰੀਆਂ ਲਈ ਕੀਤੇ ਜਾ ਰਹੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਜਲਾਲਪੁਰ ਵਲੋਂ ਕਿਹਾ ਗਿਆ ਕਿ ਇਸ ਦੌਰਾਨ ਭਾਰੀ ਇਕੱਠ ਹੋਵੇਗਾ ਤੇ ਘਨੌਰ ਦੇ ਇਤਿਹਾਸ ਵਿਚ ਹੁਣ ਤੱਕ ਹੋਈਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਦਾ ਰਿਕਾਰਡ ਟੁੱਟੇਗਾ।ਇਸ ਤੋਂ ਪਹਿਲਾਂ ਜਲਾਲਪੁਰ ਨੇ ਹਲਕਾ ਘਨੌਰ ਦੇ ਪਾਰਟੀ ਆਗੂਆਂ ਨਾਲ ਰੈਲੀ ਨੂੰ ਸਫ਼ਲ ਬਣਾਉਣ ਸਬੰਧੀ ਰੂਪ ਰੇਖਾ ਤਿਆਰ ਕੀਤੀ ਅਤੇ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ।

ਇਸ ਮੌਕੇ ਵਿਧਾਇਕ ਜਲਾਲਪੁਰ (Jalalpur) ਨੇ ਕਿਹਾ ਕਿ ਇਹ ਰੈਲੀ ਜਿਥੇ ਕਾਂਗਰਸ ਸਰਕਾਰ ਲਿਆਉਣ ਵਿਚ ਸਹਾਈ ਹੋਵੇਗੀ ਉਥੇ ਵਿਰੋਧੀਆਂ ਵਲੋਂ ਕੀਤੀ ਜਾਂਦੀ ਨੁਕਤਾਚੀਨੀ ਦਾ ਠੋਕਵਾਂ ਜਵਾਬ ਦੇਵੇਗੀ। ਜਲਾਲਪੁਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਕਾਰਗੁ਼ਜ਼ਾਰੀ ਤੋਂ ਕਿਸਾਨ, ਮਜ਼ਦੂਰ ਸਣੇ ਹਰ ਵਰਗ ਦੇ ਲੋਕ ਸੰਤੁਸ਼ਟ ਹਨ ਤੇ ਉਹ 2022 ‘ਚ ਮੁੜ ਕਾਂਗਰਸ ਨੂੰ ਸੱਤਾ ਸੋਂਪਣ ਲਈ ਕਾਹਲੇ ਹਨ। ਇਸੇ ਤਰ੍ਹਾਂ ਹਲਕਾ ਘਨੌਰ ਦੇ ਲੋਕ ਵੀ ਕੀਤੇ ਗਏ ਸਰਵਪੱਖੀ ਵਿਕਾਸ ਦੇ ਚਲਦਿਆਂ ਕਾਂਗਰਸ ਪਾਰਟੀ ਦੇ ਹੱਕ ਵਿਚ ਡੱਟ ਕੇ ਖੜ੍ਹੇ ਹਨ।

ਇਸ ਮੌਕੇ ਨਗਰ ਪੰਚਾਇਤ ਘਨੌਰ ਦਾ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ, ਬਲਾਕ ਸੰਮਤੀ ਘਨੌਰ ਦੇ ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਮੁਸਤਾਕ ਅਲੀ ਜੱਸੀ, ਗਗਨ ਚੌਧਰੀ ਸਰਪੰਚ ਹਸ਼ਨਪੁਰ, ਭੋਲਾ ਉਲਾਣਾ, ਪਵਿੱਤਰ ਸਿੰਘ ਸਰਪੰਚ ਕਮਾਲਪੁਰ, ਹਰਪ੍ਰੀਤ ਸਿੰਘ ਸਰਪੰਚ ਚਮਾਰੂ, ਬਲਜਿੰਦਰ ਸਿੰਘ ਬਘੌਰਾ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।