June 16, 2024 7:57 am
Election Commission

ਚੋਣ ਕਮਿਸ਼ਨ ਵੱਲੋਂ ਜੇਪੀ ਨੱਡਾ ਤੇ ਮਲਿਕਾਰਜੁਨ ਖੜਗੇ ਨੂੰ ਸਖ਼ਤ ਹਦਾਇਤ, ਚੋਣ ਪ੍ਰਚਾਰ ਦੌਰਾਨ ਮਰਿਆਦਾ ਬਣਾਏ ਰੱਖਣ ਦੀ ਅਪੀਲ

ਚੰਡੀਗੜ੍ਹ, 22 ਮਈ, 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਬਿਆਨਬਾਜ਼ੀ ਜਾਰੀ ਹੈ। ਚੋਣ ਕਮਿਸ਼ਨ (Election Commission) ਅਜਿਹੇ ਮਾਮਲਿਆਂ ‘ਤੇ ਲਗਾਤਾਰ ਕਾਰਵਾਈ ਕਰ ਰਿਹਾ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨਿਰਦੇਸ਼ ਦਿੱਤੇ ਹਨ। ਦੋਵਾਂ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਟਾਰ ਪ੍ਰਚਾਰਕਾਂ ਨੂੰ ਕੋਈ ਵੀ ਬਿਆਨ ਦੇਣ ਵੇਲੇ ਸਾਵਧਾਨ ਰਹਿਣ ਅਤੇ ਮਰਿਆਦਾ ਬਰਕਰਾਰ ਰੱਖਣ ਦੀ ਹਦਾਇਤ ਦੇਣ ।

ਚੋਣ ਕਮਿਸ਼ਨ (Election Commission) ਨੇ ਇਹ ਹੁਕਮ ਚੋਣ ਪ੍ਰਚਾਰ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਦਿੱਤੇ ਹਨ। ਕਮਿਸ਼ਨ ਨੇ ਜਾਤੀ, ਭਾਈਚਾਰੇ, ਭਾਸ਼ਾ ਅਤੇ ਧਰਮ ਦੇ ਆਧਾਰ ‘ਤੇ ਪ੍ਰਚਾਰ ਕਰਨ ਲਈ ਭਾਜਪਾ ਅਤੇ ਕਾਂਗਰਸ ਦੋਵਾਂ ਦੀ ਨਿੰਦਾ ਕੀਤੀ ਹੈ। ਕਮਿਸ਼ਨ ਨੇ ਭਾਜਪਾ ਨੂੰ ਹਦਾਇਤ ਕੀਤੀ ਹੈ ਕਿ ਪਾਰਟੀ ਆਗੂਆਂ ਨੂੰ ਆਪਣੇ ਭਾਸ਼ਣਾਂ ਦੌਰਾਨ ਧਾਰਮਿਕ ਅਤੇ ਫਿਰਕੂ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਸਮਾਜ ਨੂੰ ਵੰਡਣ ਵਾਲੇ ਬਿਆਨਾਂ ਤੋਂ ਬਚਣ ਲਈ ਵੀ ਕਿਹਾ ਗਿਆ ਹੈ। ਚੋਣ ਕਮਿਸ਼ਨ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਚੋਣਾਂ ਸਮੇਂ ਸੱਤਾਧਾਰੀ ਪਾਰਟੀ ਦੀ ਵਾਧੂ ਜ਼ਿੰਮੇਵਾਰੀ ਹੁੰਦੀ ਹੈ।

ਚੋਣ ਕਮਿਸ਼ਨ ਨੇ ਕਾਂਗਰਸੀ ਆਗੂਆਂ ਨੂੰ ਬੇਬੁਨਿਆਦ ਬਿਆਨ ਨਾ ਦੇਣ ਲਈ ਕਿਹਾ ਹੈ। ਮੁੱਖ ਤੌਰ ‘ਤੇ ਸੰਵਿਧਾਨ ਨੂੰ ਖਤਮ ਕਰਨ ਅਤੇ ਅਗਨੀਵੀਰ ਯੋਜਨਾ ਨੂੰ ਖਤਮ ਕਰਨ ਸਬੰਧੀ ਬਿਆਨਬਾਜ਼ੀ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ। ਕਾਂਗਰਸ ਦੇ ਪ੍ਰਚਾਰਕਾਂ ਅਤੇ ਉਮੀਦਵਾਰਾਂ ਨੂੰ ਸੁਰੱਖਿਆ ਬਲਾਂ ‘ਤੇ ਰਾਜਨੀਤੀ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ। ਨਾਲ ਹੀ ਰੱਖਿਆ ਬਲਾਂ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਲੈ ਕੇ ਫੁੱਟ ਪਾਊ ਭਾਸ਼ਣ ਨਾ ਦੇਣ ਦੇ ਆਦੇਸ਼ ਦਿੱਤੇ ਗਏ ਹਨ।