July 2, 2024 8:15 pm
Mansa

ਮਾਨਸਾ ਦੇ ਪਿੰਡ ਝੰਡਾ ‘ਚ ਘੱਗਰ ਦਾ ਬੰਨ੍ਹ ਟੁੱਟਿਆ, ਬੰਨ੍ਹ ਤੋੜਨ ਨੂੰ ਲੈ ਕੇ ਹੋਈ ਹਵਾਈ ਫਾਇਰਿੰਗ

ਚੰਡੀਗੜ੍ਹ 17 ਜੁਲਾਈ 2023: ਪੰਜਾਬ ਦੇ ਮਾਨਸਾ (Mansa) ਦੇ ਪਿੰਡ ਝੰਡਾ ਵਿੱਚ ਘੱਗਰ ਦਾ ਬੰਨ੍ਹ ਟੁੱਟ ਗਿਆ, ਜਿਸ ਕਾਰਨ ਹਰਿਆਣਾ ਦੇ ਸਿਰਸਾ ਵਿੱਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਪਹਿਲਾਂ ਹੀ 24 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਫਤਿਹਾਬਾਦ ‘ਚ ਵੀ ਪਿੰਡ ਵਾਸੀਆਂ ਨੇ ਘੱਗਰ ‘ਤੇ ਬਣੇ ਬੰਨ੍ਹ ਨੂੰ ਤੋੜਨ ਨੂੰ ਲੈ ਕੇ ਗੋਲੀ ਚਲਾ ਦਿੱਤੀ। ਇਹ ਪਿੰਡ ਮੁਸਾਖੇੜਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ |

ਪੁਲਿਸ ਜਾਂਚ ਅਨੁਸਾਰ ਫਤਿਹਾਬਾਦ ਦੇ ਪਿੰਡ ਮੁਸਾਖੇੜਾ ਅਤੇ ਢਾਣੀ ਬਬਨਪੁਰ ਵਿਚਕਾਰ ਇੱਕ ਬੰਨ੍ਹ ਬਣਾਇਆ ਗਿਆ ਹੈ। ਪਿੰਡ ਢਾਣੀ ਬਬਨਪੁਰ ਦੇ ਲੋਕਾਂ ਨੇ ਕਥਿਤ ਤੌਰ ‘ਤੇ ਐਤਵਾਰ ਸ਼ਾਮ ਹਨੇਰੇ ਵਿੱਚ ਬੰਨ੍ਹ ਤੋੜ ਦਿੱਤਾ। ਇਸ ਦਾ ਪਾਣੀ ਮੁਸਾਖੇੜਾ ਪਿੰਡ ਵੱਲ ਆਉਣਾ ਸੀ। ਜਿੱਥੇ ਪਹਿਲਾਂ ਹੀ ਪਾਣੀ ਭਰਿਆ ਹੋਇਆ ਹੈ। ਇਸ ਦਾ ਪਤਾ ਲੱਗਦਿਆਂ ਹੀ ਪਿੰਡ ਮੂਸਾਖੇੜਾ ਦੇ ਲੋਕ ਉੱਥੇ ਪਹੁੰਚ ਗਏ ਅਤੇ 2 ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਕਿ ਇਹ ਇੱਕ ਕਿਸਾਨ ਵੱਲੋਂ ਹਵਾਈ ਫਾਇਰ ਕੀਤੇ ਗਏ ਹਨ |

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੂਰੇ ਸੂਬੇ ‘ਚ ਬਾਰਿਸ਼ ਹੋਵੇਗੀ। ਉੱਥੇ ਹੀ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।