June 30, 2024 8:42 am
Gautam Gambhir

ਗੌਤਮ ਗੰਭੀਰ ਹੋਣਗੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ! ਛੇਤੀ ਹੋ ਸਕਦੈ ਐਲਾਨ

ਚੰਡੀਗੜ੍ਹ, 29 ਮਈ 2024: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਗੌਤਮ ਗੰਭੀਰ (Gautam Gambhir) ਦਾ ਭਾਰਤੀ ਟੀਮ ਦਾ ਮੁੱਖ ਕੋਚ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਆਈਪੀਐਲ ਫਰੈਂਚਾਇਜ਼ੀ ਦੇ ਮਾਲਕ ਨੇ ਕ੍ਰਿਕਬਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੰਭੀਰ ਦਾ ਕੋਚ ਬਣਨਾ ਲਗਭਗ ਤੈਅ ਹੈ ਅਤੇ ਇਸ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ।

ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਨੂੰ ਵੀ ਇਸ ਬਾਰੇ ਜਾਣਕਾਰੀ ਮਿਲੀ ਹੈ। ਬੀਸੀਸੀਆਈ ਦੇ ਨਿਯਮਾਂ ਮੁਤਾਬਕ ਜੇਕਰ ਗੰਭੀਰ (Gautam Gambhir) ਟੀਮ ਦੇ ਮੁੱਖ ਕੋਚ ਬਣਦੇ ਹਨ ਤਾਂ ਉਨ੍ਹਾਂ ਨੂੰ ਕੇਕੇਆਰ ਦੀ ਮੈਂਟਰਸ਼ਿਪ ਛੱਡਣੀ ਹੋਵੇਗੀ। ਜਿਕਰਯੋਗ ਹੈ ਕਿ ਸੋਮਵਾਰ (27 ਮਈ) ਕੋਚ ਦੇ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ ਸੀ। ਸੰਭਾਵਨਾ ਹੈ ਕਿ ਗੰਭੀਰ ਨੇ ਇਸ ਅਹੁਦੇ ਲਈ ਅਪਲਾਈ ਕੀਤਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਰਾਹੁਲ ਦ੍ਰਾਵਿੜ ਫਿਲਹਾਲ ਭਾਰਤੀ ਟੀਮ ਦੇ ਮੁੱਖ ਕੋਚ ਹਨ। ਉਨ੍ਹਾਂ ਦਾ ਕਾਰਜਕਾਲ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਜਾਵੇਗਾ। ਨਵੇਂ ਮੁੱਖ ਕੋਚ ਦੀ ਚੋਣ ਟੀ-20 ਵਿਸ਼ਵ ਕੱਪ ਦੌਰਾਨ ਕੀਤੀ ਜਾਵੇਗੀ। ਉਨ੍ਹਾਂ ਦਾ ਕਾਰਜਕਾਲ 1 ਜੁਲਾਈ 2024 ਤੋਂ ਸ਼ੁਰੂ ਹੋਵੇਗਾ ਅਤੇ 31 ਦਸੰਬਰ 2027 ਤੱਕ ਚੱਲੇਗਾ। ਇਸ ਦੌਰਾਨ ਭਾਰਤੀ ਟੀਮ ਨੂੰ 5 ICC ਟੂਰਨਾਮੈਂਟ ਖੇਡਣੇ ਹਨ। ਇਨ੍ਹਾਂ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਾਲ ਚੈਂਪੀਅਨਜ਼ ਟਰਾਫੀ, ਟੀ-20 ਵਿਸ਼ਵ ਕੱਪ ਅਤੇ ਵਨਡੇ ਵਿਸ਼ਵ ਕੱਪ ਸ਼ਾਮਲ ਹਨ।