Harjit Singh Grewal

ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਪਿੱਛੋਂ ਅਹੁਦਾ ਸਾਂਭਿਆ

ਚੰਡੀਗੜ੍ਹ, 27 ਮਾਰਚ 2025: ਪੰਜਾਬ ਸਰਕਾਰ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ‘ਚ ਚੰਡੀਗੜ੍ਹ ਵਿਖੇ ਤਾਇਨਾਤ ਜੁਆਇੰਟ ਡਾਇਰੈਕਟਰ ਸ. ਹਰਜੀਤ ਸਿੰਘ ਗਰੇਵਾਲ (Harjit Singh Grewal), ਸਟੇਟ ਐਵਾਰਡੀ ਨੂੰ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਹੈ | ਹਰਜੀਤ ਸਿੰਘ ਗਰੇਵਾਲ ਸੰਬੰਧਿਤ ਵਿਭਾਗ ਦੁਆਰਾ ਜਾਰੀ ਕੀਤੇ ਗਏ ਨਵੇਂ ਤਾਇਨਾਤੀ ਸੰਬੰਧੀ ਹੁਕਮਾਂ ਤੋਂ ਬਾਅਦ ਬੀਤੇ ਦਿਨ ਆਪਣਾ ਅਹੁਦਾ ਸਾਂਭ ਲਿਆ। ਉਨ੍ਹਾਂ ਦੀ ਨਿਯੁਕਤੀ ਸੰਬੰਧਿਤ ਵਿਭਾਗ ਦੀ ਪ੍ਰਮੋਸ਼ਨ ਕਮੇਟੀ ਦੀ ਬੈਠਕ ਤੋਂ ਬਾਅਦ ਕੀਤੀ ਗਈ ਹੈ, ਇਸ ਬੈਠਕ ਦੀ ਪ੍ਰਧਾਨਗੀ ਵਿਭਾਗ ਦੇ ਸਕੱਤਰ ਸ. ਮਲਵਿੰਦਰ ਸਿੰਘ ਜੱਗੀ ਵੱਲੋਂ ਕੀਤੀ ਗਈ |

ਜਿਕਰਯੋਗ ਹੈ ਕਿ ਦੇਸ਼-ਵਿਦੇਸ਼ਾਂ ‘ਚ ਗੱਤਕਾ ਪ੍ਰਮੋਟਰ ਵਜੋਂ ਮਸ਼ਹੂਰ ਹਰਜੀਤ ਸਿੰਘ ਗਰੇਵਾਲ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਤੇ ਪੱਤਰਕਾਰਤਾ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਸ. ਹਰਜੀਤ ਸਿੰਘ ਗਰੇਵਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ‘ਸਿੰਘਾਂ ਦੀ ਸਕਰੌਦੀ’ ਦੇ ਜੰਮਪਲ ਹਨ ਅਤੇ ਲਗਭਗ 17 ਸਾਲਾਂ ਤੋਂ ਸਿੱਖ ਵਿਰਾਸਤੀ ਦੀ ਜੰਗਜੂ ਕਲਾ ਗੱਤਕਾ ਨੂੰ ਬਤੌਰ ਮਾਨਤਾ ਪ੍ਰਾਪਤ ਖੇਡ ਵਜੋਂ ਵਿਸ਼ਵ ਭਰ ‘ਚ ਉਤਸ਼ਾਹਿਤ ਕਰਨ, ਮਾਨਤਾ ਦਿਵਾਉਣ, ਪ੍ਰਚਾਰ ਕਰਨ ਅਤੇ ਵਿਰਸੇ ਵਜੋਂ ਸੰਭਾਲਣ ‘ਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ।

ਉਨ੍ਹਾਂ ਨੂੰ ਇਸ ਨਿਰਸਵਾਰਥ ਸੇਵਾ ਕਰਕੇ ਦੇਸ਼-ਵਿਦੇਸ਼ ‘ਚ ਦਰਜਨਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕਰਨਾ, ਇਸਦੇ ਨਾਲ ਹੀ ਉਨ੍ਹਾਂ ਨੂੰ ਦੁਬਈ ਵਿਖੇ ‘ਸੇਵਾ ਐਵਾਰਡ’ ਅਤੇ ਮੁੰਬਈ ਵਿਖੇ ‘ਸਿੱਖ ਅਚੀਵਰਜ ਐਵਾਰਡ’ ਆਦਿ ਮਾਣ ਸਨਮਾਨ ਮਿਲਿਆ ਹੈ |

ਸ. ਹਰਜੀਤ ਸਿੰਘ ਗਰੇਵਾਲ (Harjit Singh Grewal) ਰਣਬੀਰ ਕਾਲਜ ਸੰਗਰੂਰ ਅਤੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਸਾਇੰਸ ਦੇ ਵਿਦਿਆਰਥੀ ਰਹੇ ਹਨ, ਇਸ ਤਰੱਕੀ ‘ਤੇ ਉਨ੍ਹਾਂ ਦੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ‘ਚ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਸਾਲ 2001 ‘ਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸਾਂਭਿਆ ਸੀ ਅਤੇ ਕਰੀਬ ਦਰਜਨ ਤੋਂ ਵੱਧ ਮੰਤਰੀਆਂ, ਵਿਜੀਲੈਂਸ ਬਿਊਰੋ, ਪੰਜਾਬ ਪੁਲਿਸ ਸਮੇਤ ਉੱਪ ਮੁੱਖ ਮੰਤਰੀ ਨਾਲ ਵੀ ਉਨ੍ਹਾਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਨਿਭਾ ਚੁੱਕੇ ਹਨ। ਹਰਜੀਤ ਸਿੰਘ ਗਰੇਵਾਲ ਦੀ ਵਿਭਾਗ ‘ਚ ਬਤੌਰ ਜਾਇੰਟ ਡਾਇਰੈਕਟਰ ਕਈ ਬ੍ਰਾਂਚਾਂ ਦਾ ਕਾਰਜ ਭਾਰ ਸਫਲਤਾਪੂਰਵਕ ਸਾਂਭਿਆ।

Read More: ਗੱਤਕਾ ਖੇਡ ਲੜਕੀਆਂ ਲਈ ਸਵੈ-ਰੱਖਿਆ ਦਾ ਬਿਹਤਰ, ਸੁਖਾਲਾ ਤੇ ਸਸਤਾ ਬਦਲ: ਹਰਜੀਤ ਸਿੰਘ ਗਰੇਵਾਲ

Scroll to Top