ਚੰਡੀਗੜ੍ਹ, 26 ਜੁਲਾਈ 2023: ਉੱਤਰ ਪ੍ਰਦੇਸ਼ ਦੇ ਬਾਗਪਤ ਅਤੇ ਹਰਿਆਣਾ ਦੇ ਸੋਨੀਪਤ ਵਿੱਚ ਯਮੁਨਾ ਨਦੀ ਦੇ ਵਿਚਕਾਰ ਇੰਡੀਅਨ ਆਇਲ ਦੀ ਗੈਸ ਪਾਈਪਲਾਈਨ (Gas Pipeline) ਫਟ ਗਈ। ਇਸ ਤੋਂ ਬਾਅਦ ਪਾਣੀ ‘ਚ ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਬਾਗਪਤ ‘ਚ ਪਾਣੀ ਲਹਿਰਾਂ 40 ਫੁੱਟ ਤੱਕ ਦੇਖਣ ਨੂੰ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਥਾਵਾਂ ‘ਤੇ ਗੈਸ ਪਾਈਪਲਾਈਨ ਦਾ ਪ੍ਰੈਸ਼ਰ ਘੱਟ ਕਰ ਦਿੱਤਾ ਗਿਆ ਹੈ ਅਤੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਤੋਂ ਇਲਾਵਾ ਮੌਕੇ ਦੀ ਮੁਰੰਮਤ ਲਈ ਟੀਮ ਵੀ ਭੇਜੀ ਗਈ ਹੈ।
ਯੂਪੀ ਵਿੱਚ ਐਸਡੀਐਮ ਸੁਭਾਸ਼ ਸਿੰਘ ਨੇ ਦੱਸਿਆ ਕਿ ਬਾਗਪਤ ਦੇ ਜਾਗੋਸ਼ ਪਿੰਡ ਵਿੱਚ ਰਿਫਾਇਨਰੀ ਦੀ ਪਾਈਪਲਾਈਨ (Gas Pipeline) ਫਟ ਗਈ ਸੀ। ਹਰਿਆਣਾ ਵਾਲੇ ਪਾਸੇ ਤੋਂ ਪਾਈਪਲਾਈਨ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਹ ਪਾਈਪਲਾਈਨ ਪਾਣੀਪਤ ਦੇ ਰਸਤੇ ਸੋਨੀਪਤ, ਬਾਗਪਤ ਗਾਜ਼ੀਆਬਾਦ, ਦਾਦਰੀ ਅਤੇ ਨੋਇਡਾ ਤੱਕ ਜਾਂਦੀ ਹੈ। ਪਾਈਪ ਲਾਈਨ ਆਈਜੀਐਲ ਕੰਪਨੀ ਦੀ ਦੱਸੀ ਜਾ ਰਹੀ ਹੈ।
ਬਾਗਪਤ ਦੇ ਅਧਿਕਾਰੀਆਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ। ਡੀਐਮ ਦੀਆਂ ਹਦਾਇਤਾਂ ਤੋਂ ਬਾਅਦ ਇਲਾਕੇ ਵਿੱਚ ਗੈਸ ਸਪਲਾਈ ਬੰਦ ਕਰ ਦਿੱਤੀ ਗਈ। ਪਾਈਪਲਾਈਨ ਫਟਣ ਕਾਰਨ ਯਮੁਨਾ ਵਿੱਚ ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਇਲਾਕੇ ‘ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਈਪਲਾਈਨ ਨੂੰ ਸੁਧਾਰਨ ਤੋਂ ਬਾਅਦ ਇਸ ਵਿੱਚ ਧਮਾਕੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਚਾਰ ਵਜੇ ਦੇਖਿਆ ਤਾਂ ਨਦੀ ਦੇ ਵਿਚਕਾਰੋਂ ਧੂੰਏਂ, ਅੱਗ ਅਤੇ ਧਮਾਕੇ ਦੀ ਆਵਾਜ਼ ਆ ਰਹੀ ਸੀ। ਇਸ ਤੋਂ ਬਾਅਦ ਪਿੰਡ ਦੇ ਲੋਕ ਘਬਰਾ ਗਏ ਅਤੇ ਪੁਲਿਸ-ਪ੍ਰਸ਼ਾਸਨ ਨੂੰ ਸੂਚਨਾ ਦਿੱਤੀ।