Gas leak

Punjab: ਜਲੰਧਰ ਵਿਖੇ ਬਰਫ ਫੈਕਟਰੀ ‘ਚ ਗੈਸ ਲੀਕ, ਪੁਲਿਸ ਨੇ ਇਲਾਕਾ ਕੀਤਾ ਸੀਲ

ਚੰਡੀਗੜ 21 ਸਤੰਬਰ 2024: ਜਲੰਧਰ ‘ਚ ਦਮੋਰਿਆ ਪੁਲ ਨੇੜੇ ਬਰਫ ਫੈਕਟਰੀ (Gas leak) ‘ਚ ਗੈਸ ਲੀਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਘਟਣ ਨਾਲ ਇਲਾਕੇ ‘ਚ ਹੜਕੰਪ ਮਚ ਗਿਆ ਹੈ | ਹਾਲਾਂਕਿ ਇਸ ਘਟਨਾ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ | ਜਾਣਕਾਰੀ ਮੁਤਾਬਕ ਉਕਤ ਫੈਕਟਰੀ ਨੇੜਿਓਂ ਲੰਘ ਰਹੇ ਚਾਰ ਦੇ ਕਰੀਬ ਪ੍ਰਵਾਸੀ ਬੇਹੋਸ਼ ਹੋ ਗਏ ਸਨ, ਹਾਲਾਂਕਿ ਇਨ੍ਹਾਂ ਪ੍ਰਵਾਸੀ ਦੀ ਹਾਲਤ ਹੁਣ ਠੀਕ ਹੈ। ਫੈਕਟਰੀ ਅੰਦਰ ਦੋ ਜਣਿਆਂ ਦੇ ਫਸੇ ਹੋਣ ਦੀ ਸੂਚਨਾ ਹੈ। ਹਾਲਾਂਕਿ, ਇੱਕ ਵਿਅਕਤੀ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈਆਂ ਹਨ । ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਦਾ ਪ੍ਰਭਾਵ ਖਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਸਥਾਨ ‘ਤੇ ਇਕ ਬੀਬੀ ਬੇਹੋਸ਼ ਹੋ ਗਈ ਸੀ। ਜਿਸ ਤੋਂ ਬਾਅਦ ਦੁਕਾਨਦਾਰ ਅਤੇ ਹੋਰ ਸਥਾਨਕ ਲੋਕਾਂ ਦੀ ਮੱਦਦ ਨਾਲ ਬੀਬੀ ਨੂੰ ਕਿਸੇ ਤਰ੍ਹਾਂ ਉਕਤ ਜਗ੍ਹਾ ਤੋਂ ਬਾਹਰ ਲਿਆਂਦਾ ਗਿਆ | ਇਸ ਦੌਰਾਨ ਉਕਤ ਬੀਬੀ ਨੂੰ ਪਾਣੀ ਪਿਲਾਇਆ ਗਿਆ ਅਤੇ ਹੋਸ਼ ‘ਚ ਆਈ |

Read More: Patiala: ਪਟਿਆਲਾ ‘ਚ ਖ਼ਤਰੇ ਦੀ ਘੰਟੀ, ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਮਾਮਲੇ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਗਈ। ਲੋਕਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਤੋਂ ਬਾਅਦ ਇਲਾਕੇ ‘ਚ ਲੋਕਾਂ ਦਾ ਸਾਹ ਘੁੱਟਣ ਲੱਗਾ। ਲੋਕਾਂ ਨੇ ਦੱਸਿਆ ਕਿ ਫੈਕਟਰੀ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਪਰ ਗੈਸ ਲੀਕ ਹੋਣ ਦੀ ਬਦਬੂ ਪੂਰੇ ਇਲਾਕੇ ਵਿੱਚ ਫੈਲ ਗਈ ਸੀ।

ਜਾਣਕਾਰੀ ਮੁਤਾਬਕ ਘਟਨਾ (Gas leak) ਜਲੰਧਰ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਪ੍ਰਾਈਵੇਟ ਸਿਨੇਮਾ ਨੇੜੇ ਵਾਪਰੀ ਹੈ। ਪੁਲਿਸ ਨੇ ਰੇਲਵੇ ਸਟੇਸ਼ਨ, ਮੇਨ ਹੀਰਾਂ ਗੇਟ, ਹੈਨਰੀ ਪੈਟਰੋਲ ਪੰਪ ਅਤੇ ਦਮੋਰਿਆ ਪੁਲਿਸ ਸਟੇਸ਼ਨ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ ਅਤੇ ਰਾਹਗੀਰਾਂ ਨੂੰ ਫਲਾਈਓਵਰ ਤੋਂ ਭੇਜਿਆ ਜਾ ਰਿਹਾ ਹੈ। ਇਸਦੇ ਨਾਲ ਹੀ ਗੈਸ ਦੀ ਬਦਬੂ ਦੂਰ-ਦੂਰ ਤੱਕ ਫੈਲੀ ਹੈ | ਲੋਕਾਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ ਹੈ । ਫਿਲਹਾਲ ਪੂਰੇ ਮਾਮਲੇ ਦੀ ਜਾਂਚ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਹਨ।

 

Scroll to Top