Gas leak

ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਮੁੜ ਗੈਸ ਲੀਕ, ਪੁਲਿਸ ਵੱਲੋਂ ਇਲਾਕਾ ਸੀਲ

ਚੰਡੀਗੜ੍ਹ, 28 ਜੁਲਾਈ 2023: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਫਿਰ ਗੈਸ ਲੀਕ (Gas Leak) ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਗੈਸ ਲੀਕ ਹੋਣ ਦੀ ਖ਼ਬਰ ਨੇ ਇੱਕ ਵਾਰ ਫਿਰ ਗਿਆਸਪੁਰਾ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਅੱਜ ਸਵੇਰੇ ਸੂਆ ਰੋਡ ’ਤੇ ਜਿਸ ਥਾਂ ’ਤੇ 30 ਅਪਰੈਲ ਨੂੰ ਗੈਸ ਲੀਕ ਹੋਈ ਸੀ, ਉਸੇ ਥਾਂ ’ਤੇ ਇੱਕ ਰਾਹਗੀਰ ਬੀਬੀ ਡਿੱਗ ਪਈ। ਬੀਬੀ ਦੇ ਡਿੱਗਣ ਤੋਂ ਬਾਅਦ ਲੋਕਾਂ ‘ਚ ਗੈਸ ਲੀਕ ਹੋਣ ਦਾ ਡਰ ਫੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਬੀ ਗਰਭਵਤੀ ਸੀ, ਜਿਸ ਕਾਰਨ ਚੱਕਰ ਆ ਗਿਆ ਅਤੇ ਡਿੱਗ ਗਈ | ਇਸ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪੁਲਸ ਦੀ ਟੀਮ ਸਾਈਟ ‘ਤੇ ਪਹੁੰਚੀ, ਜਿਨ੍ਹਾਂ ਵੱਲੋਂ ਮੇਨ ਰੋਡ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ।

ਹਾਲਾਂਕਿ ਨਗਰ ਨਿਗਮ ਵੱਲੋਂ ਗੈਸ ਲੀਕ (Gas Leak) ਹੋਣ ਦੀ ਖ਼ਬਰ ਨੂੰ ਖਾਰਜ ਕਰ ਦਿੱਤਾ ਗਿਆ ਹੈ। ਐਕਸੀਅਨ ਰਣਬੀਰ ਸਿੰਘ ਨੇ ਦੱਸਿਆ ਕਿ ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਜੋ ਬੀਬੀ ਬੇਹੋਸ਼ ਹੋਈ, ਉਸ ਦੇ ਗਰਭਵਤੀ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ |

Ludhiana

ਉਸ ਦੇ ਬੇਹੋਸ਼ ਹੋਣ ਦੇ ਕਾਰਨਾਂ ਨੂੰ ਲੈ ਕੇ ਡਾਕਟਰ ਹੀ ਕੁੱਝ ਸਪੱਸ਼ਟ ਕਰ ਸਕਦੇ ਹਨ। ਦੂਜੇ ਪਾਸੇ ਐੱਨ. ਡੀ. ਆਰ. ਐੱਫ. ਦੀ ਟੀਮ ਸਾਈਟ ‘ਤੇ ਪਹੁੰਚ ਗਈ ਹੈ, ਜਿਨ੍ਹਾਂ ਨੂੰ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਲੀਕ ਦਾ ਮਾਮਲਾ ਨਹੀਂ ਲੱਗਾ। ਅਹਿਤਿਆਤ ਵਜੋਂ ਇਲਾਕੇ ਵਿੱਚ ਪੁਲਿਸ, ਐਨ.ਡੀ.ਆਰ.ਐੱਫ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਇਲਾਕਾ ਅਜੇ ਵੀ ਸੀਲ ਹੈ।

Scroll to Top