Ludhiana Cylinder blast

ਲੁਧਿਆਣਾ ‘ਚ ਖਾਣਾ ਬਣਾਉਣ ਵੇਲੇ ਘਰ ‘ਚ ਫਟਿਆ ਗੈਸ ਸਿਲੰਡਰ, ਪਤੀ-ਪਤਨੀ ਬੁਰੀ ਤਰ੍ਹਾਂ ਝੁਲਸੇ

ਲੁਧਿਆਣਾ, 12 ਜੁਲਾਈ 2025: Ludhiana Cylinder blast: ਲੁਧਿਆਣਾ ਦੇ ਫੋਕਲ ਪੁਆਇੰਟ ਅਧੀਨ ਆਉਣ ਵਾਲੀ ਰਾਜੀਵ ਗਾਂਧੀ ਕਲੋਨੀ ਦੇ ਘਰ ‘ਚ ਖਾਣਾ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ ‘ਚ ਧਮਾਕਾ ਹੋ ਗਿਆ। ਇਸ ਹਾਦਸੇ ‘ਚ ਇੱਕ ਜੋੜਾ ਬੁਰੀ ਤਰ੍ਹਾਂ ਝੁਲਸ ਗਿਆ, ਜਿਨ੍ਹਾਂ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਦੋਵਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਘਟਨਾ ਬਾਰੇ ਸਥਾਨਕ ਲੋਕਾਂ ਮੁਤਾਬਕ ਹਾਦਸੇ ਸਮੇਂ ਔਰਤ ਵਰਾਂਡੇ ‘ਚ ਖਾਣਾ ਬਣਾ ਰਹੀ ਸੀ, ਜਦੋਂ ਅਚਾਨਕ ਗੈਸ ਸਿਲੰਡਰ ਫਟ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਔਰਤ ਅਤੇ ਉਸਦਾ ਪਤੀ ਬੁਰੀ ਤਰ੍ਹਾਂ ਝੁਲਸ ਗਏ।

ਜ਼ਖਮੀਆਂ ਨੂੰ ਤੁਰੰਤ ਨੇੜਲੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਨਾਜ਼ੁਕ ਦੱਸਦਿਆਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਔਰਤ 60 ਤੋਂ 70 ਫੀਸਦੀ ਸੜ ਗਈ ਹੈ, ਜਦੋਂ ਕਿ ਆਦਮੀ 45 ਫੀਸਦੀ ਸੜ ਗਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਖੁਦ ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਲੈ ਜਾ ਰਹੇ ਹਨ।

ਸਥਾਨਕ ਨਿਵਾਸੀਆਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ਖਮੀਆਂ ਦੇ ਇਲਾਜ ‘ਚ ਮੱਦਦ ਕੀਤੀ ਜਾਵੇ ਅਤੇ ਇਲਾਕੇ ‘ਚ ਗੈਸ ਸਿਲੰਡਰਾਂ ਦੀ ਸੁਰੱਖਿਆ ਜਾਂਚ ਵਧਾਈ ਜਾਵੇ, ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Read More: ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਿਖੇ ਫਟਿਆ AC ਦਾ ਕੰਪ੍ਰੈਸਰ, ਇਕ ਮਹਿਲਾ ਦੀ ਮੌ.ਤ

Scroll to Top