ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) 13 ਅਗਸਤ 2025: ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਉਹ ਮੋਹਾਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਹੀ ਵਚਨਬੱਧ ਹਨ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਸਮਾਂਬੱਧ ਹੱਲ ਦੇਣ ਲਈ ਹਰ ਸਮੇਂ ਯਤਨਸ਼ੀਲ ਹਨ।
ਅੱਜ ਗਾਰਬੇਜ ਪ੍ਰੋਸੈਸਿੰਗ ਯੂਨਿਟ ਦੇ ਵਿਰੋਧ ਦੇ ‘ਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ- ਇੰਡਸਟਰੀਅਲ ਏਰੀਆ ਅਤੇ ਸ਼ਾਹੀ ਮਾਜਰਾ ਫੇਜ਼-5 ਮੋਹਾਲੀ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਮੌਕੇ ਲੋਕਾਂ ਨੂੰ ਭਰੋਸਾ ਦਿੰਦਿਆਂ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਡੰਪਿੰਗ ਗਰਾਊਂਡ ਬਣਾਉਣ ਲਈ 15 ਏਕੜ ਦੇ ਕਰੀਬ ਜ਼ਮੀਨ ਖਰੀਦੀ ਜਾ ਚੁੱਕੀ ਹੈ, ਜਿਸ ਦਾ ਕਬਜ਼ਾ ਛੇਤੀ ਹੀ ਮਿਲ ਜਾਵੇਗਾ। ਇਸ ਉਪਰੰਤ ਤਿੰਨ ਤੋਂ ਚਾਰ ਮਹੀਨਿਆਂ ਦੇ ‘ਚ ਬਾਕਾਇਦਾ ਚਾਰ ਦੀਵਾਰੀ ਕਰ ਲਈ ਜਾਵੇਗੀ। ਉਸ ਤੋਂ ਬਾਅਦ ਸ਼ਾਹੀ ਮਾਜਰੇ ਦਾ ਇਹ ਪੁਆਇੰਟ ਸਿਰਫ ਕਲੈਕਸ਼ਨ ਸੈਂਟਰ ਹੋਵੇਗਾ।
ਇਸ ਮੌਕੇ ਜਦੋਂ ਵਿਧਾਇਕ ਸ. ਕੁਲਵੰਤ ਸਿੰਘ ਨੇ ਸ਼ਾਹੀ ਮਾਜਰਾ ਵਿਖੇ ਗਾਰਬੇਜ ਪ੍ਰੋਸੈਸਿੰਗ ਯੂਨਿਟ ਦੇ ਵਿਰੋਧ ‘ਚ ਪਿਛਲੇ ਤਿੰਨ ਦਿਨਾਂ ਤੋਂ ਧਰਨੇ ਤੇ ਬੈਠੇ ਲੋਕਾਂ ਨੂੰ ਇਸ ਡੰਪਿੰਗ ਗਰਾਊਂਡ ਸਬੰਧੀ ਦੇ ਸਥਾਈ ਹੱਲ ਸਬੰਧੀ ਜਾਣਕਾਰੀ ਅਤੇ ਭਰੋਸਾ ਦਿੱਤਾ ਤਾਂ ਇਸ ਪਲਾਂਟ ਨੂੰ ਲਗਾਏ ਗਏ ਤਾਲੇ ਨੂੰ ਖੋਲ੍ਹ ਦਿੱਤਾ ਅਤੇ ਧਰਨਾ ਵੀ ਸਮਾਪਤ ਕਰ ਦਿੱਤਾ ਗਿਆ।
ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਮੋਹਾਲੀ ਵਿਧਾਨ ਸਭਾ ਹਲਕੇ ਦਾ ਚੁਣਿਆ ਹੋਇਆ ਨੁਮਾਇੰਦਾ ਹੋਣ ਕਾਰਨ ਉਹ ਆਪਣੀ ਜਿੰਮੇਵਾਰੀ ਭਲੀ-ਭਾਂਤ ਸਮਝਦੇ ਹਨ ਤਾਂ ਜੋ ਮੋਹਾਲੀ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਦੇ ਧੰਨਵਾਦੀ ਹਨ ਕਿ ਉਹ ਆਪਣੇ ਨੁਮਾਇੰਦੇ ਤੇ ਯਕੀਨ ਰੱਖਦੇ ਹਨ।
ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਕੀਤੇ ਜਾਣ ਦੇ ਲਈ ਟੈਂਡਰ ਵੀ ਲਾਇਆ ਗਿਆ ਹੈ ਅਤੇ ਜੇਕਰ ਲੋਕਾਂ ਨੇ ਸਹਿਯੋਗ ਦਿੱਤਾ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨਾ ਸ਼ੁਰੂ ਕਰ ਦਿੱਤਾ ਤਾਂ, ਇਸ ਮਸਲੇ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ ਅਤੇ ਨਾਲ ਹੀ ਸਾਨੂੰ ਆਮਦਨ ਵੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੀ.ਐਨ.ਜੀ. ਜਿਹੜੀ ਆਵੇਗੀ ਉਸ ‘ਚ ਸਾਨੂੰ ਕੰਪਨੀ ਵੱਲੋਂ ਕੁਝ ਹਿੱਸਾ ਵੀ ਦੇਵੇਗੀ ਜੋ ਕਿ ਸ਼ਹਿਰ ਦੇ ਵਿਕਾਸ ਤੇ ਖਰਚ ਕੀਤਾ ਜਾ ਸਕੇਗਾ।
ਕੁਲਵੰਤ ਸਿੰਘ ਨੇ ਕਿਹਾ ਇਸ ਥਾਂ ਤੇ ਸਟਾਫ ਦੀ ਪੱਕੇ ਤੌਰ ਤੇ ਡਿਊਟੀ ਲਗਾਈ ਜਾਵੇਗੀ, ਤਾਂ ਜੋ ਇੱਥੋਂ ਦੇ ਲੋਕਾਂ ਨੂੰ ਦੁਬਾਰਾ ਤੋਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਮੇਅਰ ਹੁੰਦਿਆਂ, ਇਸ ਤਰ੍ਹਾਂ ਦੀ ਦਿੱਕਤ ਦਾ ਸ਼ਹਿਰ ਵਾਸੀਆਂ ਨੂੰ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮੇਅਰ ਕੋਲ ਸਿਰਫ ਇਲਜ਼ਾਮਬਾਜੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ, ਨਾ ਹੀ ਉਨ੍ਹਾਂ ਦਾ ਸ਼ਹਿਰ ਦੇ ਵਿਕਾਸ ਜਾਂ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਮੇਅਰ ਮੋਹਾਲੀ ਨਗਰ ਨਿਗਮ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਛੱਡ ਕੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਪਰਮਿੰਦਰ ਪਾਲ ਸਿੰਘ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਸਾਬਕਾ ਕੌਂਸਲਰ ਅਸ਼ੋਕ ਝਾਅ, ਹਰਮੇਸ਼ ਸਿੰਘ ਕੁੰਬੜਾ, ਜਨਰਲ ਸਕੱਤਰ ਰੁਪਿੰਦਰ ਸਿੰਘ, ਕੌਂਸਲਰ ਜਗਦੀਸ਼ ਸਿੰਘ ਜੱਗਾ ਤੇ ਈਸ਼ ਕੁਮਾਰ ਵੀ ਹਾਜ਼ਰ ਸਨ।
Read More: ਲੈਂਡ ਪੁਲਿੰਗ ਨੀਤੀ ਨੂੰ ਠੀਕ ਢੰਗ ਨਾਲ ਸਮਝਣ ਦੀ ਲੋੜ: ਵਿਧਾਇਕ ਕੁਲਵੰਤ ਸਿੰਘ