ਸ੍ਰੀ ਮੁਕਤਸਰ ਸਾਹਿਬ, 09 ਫਰਵਰੀ 2023: ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ (Vicky Gounder) ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮਲੋਟ ਸ੍ਰੀ ਗੰਗਾਨਗਰ ਰੇਲਵੇ ਟ੍ਰੈਕ ਦੇ ਨੇੜੇ ਪਿੰਡ ਡੱਬਵਾਲੀ ਢਾਬ ਵਿਖੇ ਬਰਾਮਦ ਹੋਈ ਹੈ | ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਨੇ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ ਹੈ।
ਜਾਣਕਾਰੀ ਅਨੁਸਾਰ ਮਹਿਲ ਸਿੰਘ ਪਿਛਲੇ 2 ਦਿਨਾਂ ਤੋਂ ਘਰੋਂ ਗਾਇਬ ਸੀ। ਮੰਗਲਵਾਰ ਸਵੇਰੇ ਢਾਈ ਵਜੇ ਜੀ.ਆਰ.ਪੀ ਮਲੋਟ ਦੇ ਡੱਬਵਾਲੀ ਢਾਬ ਨੇੜੇ ਰੇਲਵੇ ਲਾਈਨ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਚੌਕੀ ਇੰਚਾਰਜ ਸੁਖਪਾਲ ਸਿੰਘ ਵਲੋਂ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖ ਦਿੱਤੀ ਅਤੇ ਇਸ ਸਬੰਧੀ ਆਸ ਪਾਸ ਪਿੰਡਾਂ ਵਿਚ ਮ੍ਰਿਤਕ ਦਾ ਹੁਲੀਆ ਦੱਸ ਕਿ ਸੂਚਿਤ ਕਰ ਦਿੱਤਾ ਗਿਆ।
ਅੱਜ ਸ਼ਾਮ ਵੇਲੇ ਵਿੱਕੀ ਗੌਂਡਰ (Vicky Gounder) ਦੇ ਦੋ ਚਾਚਿਆਂ ਜਗਦੀਸ਼ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਮਲੋਟ ਸਰਕਾਰੀ ਹਸਪਤਾਲ ਮਲੋਟ ਵਿਖੇ ਮ੍ਰਿਤਕ ਦੀ ਸ਼ਨਾਖ਼ਤ ਕੀਤੀ। ਜ਼ਿਕਰਯੋਗ ਹੈ ਕਿ 2017 ਵਿਚ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਪੰਜਾਬ ਰਾਜਸਥਾਨ ਦੀ ਸਰਹੱਦ ‘ਤੇ ਇਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ ਜਿਸ ਤੋਂ ਬਾਅਦ ਉਸਦਾ ਪਿਤਾ ਪ੍ਰੇਸ਼ਾਨ ਰਹਿੰਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਵਿੱਕੀ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਜਦ ਕਿ ਉਸਦੀ 2 ਭੈਣਾਂ ਹਨ।
ਸ਼ਾਟਪੁੱਟ ਦਾ ਰਾਸ਼ਟਰੀ ਖਿਡਾਰੀ ਰਹਿ ਚੁੱਕਿਆ ਵਿੱਕੀ ਜਲੰਧਰ ਸਪੋਰਟਸ ਸਕੂਲ ਵਿੱਚ ਪੜ੍ਹਦਾ ਸੀ ਜਿਥੇ ਸੁੱਖਾ ਕਾਲਹਵਾਂ ਨਾਲ ਮਿਲ ਕੇ ਉਹ ਜ਼ੁਲਮ ਦੇ ਰਾਹ ਪੈ ਗਿਆ ਸੀ ਅਤੇ ਮੁਕਾਬਲੇ ਤੱਕ ਉਸ ਵਿਰੁੱਧ ਦਰਜਨਾਂ ਕੇਸ ਸਨ। ਅਖੀਰ ਉਹ ਨਾਭਾ ਜੇਲ੍ਹ ਤੋੜ ਕਿ ਫਰਾਰ ਹੋਇਆ ਸੀ ਅਤੇ ਬਾਅਦ ‘ਚ ਉੁਹ ਮੁਕਾਬਲੇ ਵਿੱਚ ਮਾਰਿਆ ਗਿਆ ਸੀ । ਜੀ. ਆਰ.ਪੀ ਵੱਲੋਂ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।