ਚੰਡੀਗੜ੍ਹ, 09 ਸਤੰਬਰ 2023: ਜੀ-20 ਸਿਖਰ ਸੰਮੇਲਨ ਅੱਜ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਭਾਰਤ ਦੀ ਧਰਤੀ ‘ਤੇ ਸਾਰੇ ਗਲੋਬਲ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਭਾਰਤ ਵਿਸ਼ਵ ‘ਚ ਭਰੋਸੇ ਦੀ ਘਾਟ ਨੂੰ ਵਿਸ਼ਵਾਸ ਅਤੇ ਨਿਰਭਰਤਾ ਵਿੱਚ ਬਦਲਣ ਦਾ ਸੱਦਾ ਦਿੰਦਾ ਹੈ। ਇਹ ਸਮਾਂ ਹੈ ਸਾਡੇ ਸਾਰਿਆਂ ਲਈ ਮਿਲ ਕੇ ਅੱਗੇ ਵਧਣ ਦਾ ਹੈ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੀ ਸ਼ੁਰੂਆਤ ਤੋਂ ਪਹਿਲਾਂ ਮੋਰੱਕੋ ‘ਚ ਭੂਚਾਲ ‘ਚ ਹੋਏ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹਰ ਸੰਭਵ ਮੱਦਦ ਦੇਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਮੋਦੀ (PM Modi) ਨੇ ਜੀ-20 ਸੰਮੇਲਨ ‘ਚ ਕਿਹਾ ਕਿ 21ਵੀਂ ਸਦੀ ਦੁਨੀਆ ਨੂੰ ਨਵੀਂ ਦਿਸ਼ਾ ਦਿਖਾਉਣ ਦਾ ਮਹੱਤਵਪੂਰਨ ਸਮਾਂ ਹੈ। ਇਹ ਉਹ ਸਮਾਂ ਹੈ ਜਦੋਂ ਪੁਰਾਣੀਆਂ ਸਮੱਸਿਆਵਾਂ ਸਾਡੇ ਤੋਂ ਨਵੇਂ ਹੱਲ ਲੱਭ ਰਹੀਆਂ ਹਨ ਅਤੇ ਇਸ ਲਈ ਸਾਨੂੰ ਮਨੁੱਖੀ-ਕੇਂਦਰਿਤ ਪਹੁੰਚ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ | ਜੇਕਰ ਅਸੀਂ ਕੋਵਿਡ-19 ਨੂੰ ਹਰਾ ਸਕਦੇ ਹਾਂ, ਤਾਂ ਅਸੀਂ ਜੰਗ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ।
ਉਨ੍ਹਾਂ ਅੱਗੇ ਕਿਹਾ, ਇਸ ਵਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦਾ ਮੰਤਰ ਸਾਡੇ ਲਈ ਮਾਰਗ ਦਰਸ਼ਕ ਬਣ ਸਕਦਾ ਹੈ। ਭਾਵੇਂ ਇਹ ਉੱਤਰ ਅਤੇ ਦੱਖਣ ਵਿਚਕਾਰ ਪਾੜਾ ਹੋਵੇ, ਪੂਰਬ ਅਤੇ ਪੱਛਮ ਵਿਚਕਾਰ ਪਾੜਾ ਹੋਵੇ, ਭੋਜਨ ਅਤੇ ਬਾਲਣ ਪ੍ਰਬੰਧਨ, ਅੱਤਵਾਦ, ਸਾਈਬਰ ਸੁਰੱਖਿਆ, ਸਿਹਤ, ਊਰਜਾ ਜਾਂ ਜਲ ਸੁਰੱਖਿਆ, ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਠੋਸ ਹੱਲ ਲੱਭਣੇ ਪੈਣਗੇ।
ਇਸ ਦੇ ਨਾਲ ਹੀ ਜੀ-20 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ (8 ਸਤੰਬਰ) ਨੂੰ ਵੱਖ-ਵੱਖ ਦੇਸ਼ਾਂ ਦੇ ਜਨ ਪ੍ਰਤੀਨਿਧੀਆਂ ਨਾਲ ਦੁਵੱਲੀ ਬੈਠਕ ਵੀ ਕੀਤੀ ਸੀ। ਪੀਐਮ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ ਨਾਲ ਦੁਵੱਲੀ ਗੱਲਬਾਤ ਵਿੱਚ ਹਿੱਸਾ ਲਿਆ।
ਦੱਸ ਦਈਏ ਕਿ 10 ਸਤੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਲਈ ਦਿੱਲੀ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮਹਿਮਾਨਾਂ ਦੇ ਸਵਾਗਤ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਗਏ ਹਨ। ਇਸ ਵਿਸ਼ੇਸ਼ ਕਾਨਫਰੰਸ ਦੌਰਾਨ ਦੁਨੀਆ ਦੀਆਂ ਨਜ਼ਰਾਂ ਭਾਰਤ ਵੱਲ ਟਿਕੀਆਂ ਹੋਣਗੀਆਂ।