ਨਵੀਂ ਦਿੱਲੀ, 27 ਦਸੰਬਰ 2024: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਪੰਜਾਬ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ (Dr. Manmohan Singh) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ | ਇਸ ਦੌਰਾਨ ਉਨ੍ਹਾਂ ਡਾ: ਮਨਮੋਹਨ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਵੰਡਾਇਆ |
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਨਮੋਹਨ ਸਿੰਘ (Dr. Manmohan Singh) ਨੇ ਦੇਸ਼ ਨੂੰ ਔਖੇ ਆਰਥਿਕ ਹਲਾਤਾਂ ‘ਚੋਂ ਕੱਢ ਕੇ ਵਿਕਾਸ ਦੀ ਰਾਹ ’ਤੇ ਤੋਰਿਆ ਸੀ। ਉਨ੍ਹਾਂ ਨੇ ਦੇਸ਼ ‘ਚ ਵਿੱਤੀ ਸੁਧਾਰਾਂ ਅਤੇ ਆਰਥਿਕ ਤਰੱਕੀ ਦਾ ਨਵਾਂ ਇਤਿਹਾਸ ਰਚਿਆ, ਜਿਸ ਦੀ ਬਦੌਲਤ ਦੇਸ਼ ਦੀ ਅਰਥਵਿਵਸਥਾ ਵਿਕਾਸ ਦੇ ਰਾਹ ‘ਤੇ ਅੱਗੇ ਵਧੀ।
ਇਸਦੇ ਨਾਲ ਹੀ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਭਾਵੁਕ ਪਲ ਹੈ। ਡਾ: ਮਨਮੋਹਨ ਸਿੰਘ ਸਿਰਫ਼ ਇੱਕ ਸਖ਼ਸ਼ੀਅਤ ਹੀ ਨਹੀਂ ਸਨ, ਸਗੋਂ ਆਪਣੇ ਆਪ ‘ਚ ਇੱਕ ਸੰਸਥਾ ਸਨ। ਉਨ੍ਹਾਂ ਦੀ ਨਿਮਰਤਾ, ਇਮਾਨਦਾਰੀ, ਸਾਦਗੀ ਅਤੇ ਸਿਆਣਪ ਹਮੇਸ਼ਾ ਸਾਡੇ ਲਈ ਪ੍ਰੇਰਨਾ ਸਰੋਤ ਰਹੇਗੀ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਵੱਲੋਂ ਦੇਸ਼ ਦੇ ਵਿਕਾਸ ‘ਚ ਪਾਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।