ਐਸ.ਏ.ਐਸ.ਨਗਰ, 01 ਜੁਲਾਈ 2024: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਮੋਹਾਲੀ ਦੇ ਪਿੰਡ ਕੁਰੜੀ ‘ਚ ਸ੍ਰੀ ਸੱਤਿਆ ਸਾਈਂ ਮਾਨਵ ਸੇਵਾ ਟਰੱਸਟ ਤੇ ਲਾਇਨਜ਼ ਕਲੱਬ ਦੁਆਰਾ ਖੋਲ੍ਹੇ ਗਏ ਮੁਫ਼ਤ ਮਲਟੀਸਪੈਸ਼ਿਲਟੀ ਹਸਪਤਾਲ ਦਾ ਉਦਘਾਟਨ ਕੀਤਾ | ਇਸ ਹਸਪਤਾਲ ‘ਚ ਚਾਰ ਓ.ਪੀ.ਡੀ, ਦੰਦਾਂ ਦੇ ਇਲਾਜ ਤੇ ਐਂਬੂਲੈਂਸ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਸ ਮੌਕੇ ਨੇ ਇੱਕ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ |
ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦਾ ਮੋਹਾਲੀ ਦੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਟਿਊਟ ਆਫ਼ ਮੈਡੀਕਲ ਸਇੰਸਿਜ਼ ਨਾਲ ਤਾਲਮੇਲ ਬਿਠਾਇਆ ਜਾਵੇਗਾ ਤਾਂ ਜੋ ਇਸਦਾ ਫਾਇਦਾ ਪਿੰਡ ਕੁਰੜੀ ਦੇ ਲੋਕਾਂ ਨੂੰ ਮਿਲ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ 829 ਆਮ ਆਦਮੀ ਕਲੀਨਿਕ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ | ਉਨ੍ਹਾਂ ਕਿਹਾ ਪੰਜਾਬ ਸਰਕਾਰ ਸਿਹਤ ਖੇਤਰ ‘ਚ ਲਗਾਤਾਰ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਿਹਤ ‘ਚ ਲਗਭਗ 1 ਹਜ਼ਾਰ ਕਰੋੜ ਰੁਪਏ ਅਤੇ ਪਿੰਡਾਂ ਦੇ ਵਿਕਾਸ ਲਈ ਕਰੀਬ 07 ਹਜ਼ਾਰ ਕਰੋੜ ਰੁਪਏ ਫ਼ੰਡ ਰੋਕੇ ਹੋਏ ਹਨ | ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਰੋਕੇ ਫੰਡ ਪੰਜਾਬ ਸੂਬੇ ਦੀ ਤਰੱਕੀ ਦੇ ਰਾਹ ‘ਚ ਰੋੜਾ ਬਣ ਰਹੇ ਹਨ |