July 7, 2024 3:25 pm

ਬਕਾਇਆ ਇੰਤਕਾਲ ਦਰਜ ਕਰਨ ਦੀ ਰਾਜ ਵਿਆਪੀ ਮੁਹਿੰਮ ਨੂੰ ਮੋਹਾਲੀ ਜ਼ਿਲ੍ਹੇ ਚ ਭਰਵਾਂ ਹੁੰਗਾਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਜਨਵਰੀ, 2024: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਚ ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਚਲਾਈ ਗਈ ਰਾਜ ਵਿਆਪੀ ਮੁਹਿੰਮ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਚ ਭਰਵਾਂ ਹੁੰਗਾਰਾ ਮਿਲਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਨਾਲ ਸਬੰਧਤ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਵੱਲੋਂ 1942 ਇੰਤਕਾਲ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਛੁੱਟੀ ਵਾਲੇ ਦਿਨ ਕੇਵਲ ਬਕਾਇਆ ਪਏ ਇੰਤਕਾਲਾਂ ਦਾ ਨਿਪਟਾਰਾ ਕਰਨ ਦੀ ਇਸ ਵਿਸ਼ੇਸ਼ ਮੁਹਿੰਮ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ, ਜਿਨ੍ਹਾਂ ਦੇ ਇੰਤਕਾਲ ਕਿਸੇ ਨਾ ਕਿਸੇ ਵਜ੍ਹਾ ਨਾਲ ਲੰਬਿਤ ਪਏ ਸਨ। ਉਨ੍ਹਾਂ ਦੱਸਿਆ ਕਿ ਕੰਮ-ਕਾਜ਼ੀ ਦਿਨਾਂ ਚ ਬਕਾਇਆ ਪਏ ਇੰਤਕਾਲ ਨਿਪਟਾਏ ਨਾ ਜਾ ਸਕਣ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਮਾਲ ਤੇ ਮੁੜ ਵਸੇਬਾ ਮੰਤਰੀ ਬ੍ਰਮ ਸ਼ੰਕਰ ਜਿਮਪਾ ਨੂੰ 6 ਜਨਵਰੀ ਨੂੰ ਛੁੱਟੀ ਵਾਲੇ ਦਿਨ ਪੰਜਾਬ ਭਰ ਚ ਇੰਤਕਾਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਗਵਾਏ ਜਾਣ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲ ਤੇ ਮੁੜ ਵਸੇਬਾ ਮੰਤਰੀ ਪੰਜਾਬ  ਬ੍ਰਮ ਸ਼ੰਕਰ ਜਿੰਪਾ ਦੀ ਹਦਾਇਤ ਤੇ ਹੀ ਅੱਜ ਜ਼ਿਲ੍ਹੇ ਭਰ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਚ ਲੰਬਿਤ ਪਏ ਇੰਤਕਾਲਾਂ ਨੂੰ ਨਿਪਟਾਇਆ ਗਿਆ।

ਇੰਤਕਾਲ

 

ਤਹਿਸੀਲ ਵਾਰ ਹੋਏ ਇੰਤਕਾਲਾਂ ਦਾ ਵੇਰਵਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਤਹਿਸੀਲ ਵਿੱਚ ਜ਼ਿਲ੍ਹੇ ਵਿੱਚ ਸਭ ਤੋਂ ਵਧੇਰੇ 1079 ਇੰਤਕਾਲ ਦਰਜ ਕੀਤੇ ਗਏ। ਖਰੜ ਵਿੱਚ ਸਬ ਤਹਿਸੀਲ ਘੜੂੰਆਂ ਤੇ ਮਾਜਰੀ ਵੀ ਸ਼ਾਮਿਲ ਹਨ। ਇਸੇ ਤਰ੍ਹਾਂ ਡੇਰਾਬੱਸੀ ਤਹਿਸੀਲ ਜਿਸ ਵਿੱਚ ਜ਼ੀਰਕਪੁਰ ਵੀ ਸ਼ਾਮਿਲ ਹੈ, ਵਿੱਚ 562 ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ। ਮੋਹਾਲੀ ਤਹਿਸੀਲ ਜਿਸ ਵਿੱਚ ਬਨੂੰੜ ਸਬ ਤਹਿਸੀਲ ਵੀ ਸ਼ਾਮਿਲ ਹੈ, ਵਿੱਚ 301 ਇੰਤਕਾਲ ਦਰਜ ਕੀਤੇ ਗਏ।

ਇਨ੍ਹਾਂ ਸਪੈਸ਼ਲ ਕੈਂਪਾਂ ਚ ਤਹਿਸੀਲਦਾਰ ਜਸਵਿੰਦਰ ਸਿੰਘ ਖਰੜ, ਤਹਿਸੀਲਦਾਰ ਮੋਹਾਲੀ ਕੁਲਦੀਪ ਸਿੰਘ ਢਿੱਲੋਂ, ਤਹਿਸੀਲਦਾਰ ਡੇਰਾਬੱਸੀ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ, ਨਾਇਬ ਤਹਿਸਲਦਾਰ ਮੋਹਾਲੀ ਰਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਡੇਰਾਬੱਸੀ ਗੁਰਿੰਦਰਜੀਤ ਸਿੰਘ ਨੇ ਇੰਤਕਾਲਾਂ ਦੇ ਨਿਪਟਾਰੇ ਚ ਵਿਸ਼ੇਸ਼ ਯੋਗਦਾਨ ਪਾਇਆ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ ‘ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ ‘ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ ‘ਤੇ ਭੇਜ ਸਕਦੇ ਹਨ।

ਮੋਹਾਲੀ ਦੇ ਐਮ ਐਲ ਏ ਸ. ਕੁਲਵੰਤ ਸਿੰਘ ਅਤੇ ਡੇਰਾਬੱਸੀ ਦੇ ਐਮ ਐਲ ਏ ਸ. ਕੁਲਜੀਤ ਸਿੰਘ ਰੰਧਾਵਾ ਨੇ ਇਨ੍ਹਾਂ ਕੈਂਪਾਂ ਦਾ ਦੌਰਾ ਕਰਕੇ ਜਿੱਥੇ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਦਾ ਜਾਇਜ਼ਾ ਲਿਆ ਉੱਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਆਮ ਲੋਕਾਂ ਨੂੰ ਰਾਹਤ ਦੇਣ ਵਾਲੇ ਇਸ ਫੈਸਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੁਣੀ ਸਰਕਾਰ ਹਰ ਕੰਮ ਲੋਕ ਹਿੱਤ ਵਿੱਚ ਕਰਕੇ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਦੂਰ ਕਰਨ ਦਾ ਯਤਨ ਕਰ ਰਹੀ ਹੈ।