Teachers' Day

ਕਲਾਸਰੂਮ ਤੋਂ ਸਿਨੇਮਾ ਤੱਕ: ਅਸਲ ਜ਼ਿੰਦਗੀ ‘ਚ ਅਧਿਆਪਕ ਰਹੇ ਇਹ ਨਾਮੀ ਅਦਾਕਾਰ

ਪ੍ਰਡਿਊਸਰ (The Unmute)
ਅਮਨਪ੍ਰੀਤ ਕੌਰ ਪਨੂੰ

ਅਸੀਂ ਹਮੇਸ਼ਾ ਸੁਣਦੇ ਆਏ ਹਾਂ ਕਿ ਇੱਕ ਚੰਗਾ ਅਧਿਆਪਕ ਮੋਮਬੱਤੀ ਦੀ ਤਰਾਂ ਹੁੰਦਾ ਹੈ, ਦੂਜਿਆਂ ਨੂੰ ਰੌਸ਼ਨੀ ਦੇਣ ਲਈ ਆਪਣੇ ਆਪ ਦੀ ਪ੍ਰਵਾਹ ਨਹੀਂ ਕਰਦਾ ਤੇ ਅੱਜ ਆਪਣੇ ਉਨ੍ਹਾਂ ਅਧਿਆਪਕਾਂ ਤੇ ਗੁਰੂਆਂ ਦਾ ਧੰਨਵਾਦ ਕਰਨ ਲਈ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਮਨੋਰੰਜਨ ਜਗਤ ‘ਤੇ ਝਾਤ ਮਾਰੀਏ ਤਾਂ ਬਹੁਤ ਸਾਰੀਆਂ ਫ਼ਿਲਮਾਂ ‘ਚ ਕਈ ਅਦਾਕਾਰਾਂ ਨੇ ਅਧਿਆਪਕ ਦਾ ਕਿਰਦਾਰ ਨਿਭਾਇਆ |

ਪਰ ਇਸ ਪ੍ਰੋਗਰਾਮ ‘ਚ ਅਸੀਂ ਗੱਲ ਕਰਾਂਗੇ ਕੁਝ ਉਨ੍ਹਾਂ ਕਲਾਕਾਰਾਂ ਦੀ ਜਿਨ੍ਹਾਂ ਨੇ ਅਸਲ ਜ਼ਿੰਦਗੀ ‘ਚ ਕਲਾਸਰੂਮ ਤੋਂ ਸਿਨੇਮਾ ਤੱਕ ਦਾ ਸਫ਼ਰ ਤੈਅ ਕੀਤਾ, ਯਾਨੀ ਕਿ ਉਹ ਨਾਮੀ ਕਲਾਕਾਰ, ਜਿਨ੍ਹਾਂ ਨੇ ਸਿਰਫ਼ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਹੀ ਦਰਸ਼ਕਾਂ ਦਾ ਦਿਲ ਨਹੀਂ ਜਿੱਤਿਆ, ਸਗੋਂ ਉਹ ਕਿਸੇ ਸਮੇਂ ਇੱਕ ਅਧਿਆਪਕ ਬਣਕੇ ਆਪਣੇ ਵਿਦਿਆਰਥੀਆਂ ਨੂੰ ਵੀ ਰਾਹ ਵਖਾਉਂਦੇ ਰਹੇ ਹਨ । ਇਹ ਉਹ ਅਦਾਕਾਰ ਨੇ ਜਿਨ੍ਹਾਂ ਨੇ ਸੁਪਨਿਆਂ ਦੇ ਸ਼ਹਿਰ ਮੁੰਬਈ ਵਿੱਚ ਖੁਦ ਨੂੰ ਸਿਨੇਮਾ ਤੇ ਥੀਏਟਰ ਦੀ ਦੁਨੀਆਂ ‘ਚ ਉਭਾਰਨ ਦੇ ਨਾਲ ਨਾਲ ਆਪਣੀ ਜ਼ਿੰਦਗੀ ‘ਚ ਇੱਕ ਅਧਿਆਪਕ ਦਾ ਵੀ ਰੋਲ ਅਦਾ ਕੀਤਾ।

ਅਨੁਪਮ ਖੇਰ

Anupam Kher

ਅਨੁਪਮ ਖੇਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਭਾਰਤੀ ਥੀਏਟਰ ਦੀ ਪੜ੍ਹਾਈ ਤੋਂ ਬਾਅਦ 1978 ਵਿੱਚ, ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ (NSD) ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਰੋਲ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਪੇਸ਼ ਕੀਤੇ ਗਏ ਨਾਟਕਾਂ ਵਿੱਚ ਕੀਤੇ। ਫਿਰ ਉਨ੍ਹਾਂ ਨੇ ਲਖਨਊ ‘ਚ ਰਾਜ ਬਿਸਾਰੀਆ ਦੀ ਭਾਰਤੇਂਦੂ ਨਾਟਿਆ ਅਕਾਦਮੀ ਵਿੱਚ ਆਪਣੀ ਪਹਿਲੀ ਨਿਰਦੇਸ਼ਕ ਫਿਲਮ ਸ਼ੀਸ਼ੇ ਦੇ ਘਰ ਵਿੱਚ ਇੱਕ ਛੋਟੇ ਜਿਹੇ ਹਿੱਸੇ ਲਈ ਨਾਟਕ ਵੀ ਸਿਖਾਇਆ। 2005 ‘ਚ ਅਨੁਪਮ ਖੇਰ ਨੇ ਮਨੋਰੰਜਨ ਖੇਤਰ ਵਿੱਚ ਇੱਕ ਅਦਾਕਾਰ ਵਜੋਂ ਕਰੀਅਰ ਬਣਾਉਣ ਦੇ ਚਾਹਵਾਨਾਂ ਲਈ ਇੱਕ ਐਕਟਿੰਗ ਸਕੂਲ ਖੋਲਿਆ, ਜਿਸ ਦਾ ਨਾਮ ਹੈ ‘Anupam Kher’s Actor Prepares- The School For Actors’. ਬਾਲੀਵੁੱਡ ਦੇ ਕਈ ਵੱਡੇ ਸਿਤਾਰੇ, ਜਿਵੇਂ ਕਿ ਦੀਪਿਕਾ ਪਾਦੁਕੋਣ, ਅਭਿਸ਼ੇਕ ਬੱਚਨ, ਕਿਆਰਾ ਅਡਵਾਨੀ ਵੀ ਇਸ ਸਕੂਲ ਵਿੱਚ ਐਕਟਿੰਗ ਸਿੱਖਦੇ ਰਹੇ ਹਨ ।

ਬਲਰਾਜ ਸਾਹਨੀ

Balraj Sahni

ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰਨ ਵਾਲੇ ਬਲਰਾਜ ਸਾਹਨੀ ਸਿਰਫ਼ ਇੱਕ ਮਸ਼ਹੂਰ ਫ਼ਿਲਮੀ ਅਦਾਕਾਰ ਹੀ ਨਹੀਂ ਸਨ ਬਲਕਿ ਉਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕੁਝ ਸਦਾਬਹਾਰ ਕਲਾਸਿਕ ਫਿਲਮਾਂ, ਜਿਵੇਂ ਕਿ ਦੋ ਬੀਘਾ ਜ਼ਮੀਨ, ਅਨੁਰਾਧਾ ਅਤੇ ਕਾਬੁਲੀਵਾਲਾ ਕੀਤੀਆਂ। ਉਨ੍ਹਾਂ ਨੇ ਲਾਹੌਰ ਤੋਂ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਕਰਨ ਮਗਰੋਂ ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ। 1930 ਵਿੱਚ ਉਹ ਨੌਕਰੀ ਦੀ ਭਾਲ ‘ਚ ਬੰਗਾਲ ਆਏ ਤੇ ਸ਼ਾਂਤੀਨਿਕੇਤਨ ਆ ਕੇ ਉਨ੍ਹਾਂ ਨੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ ’ਤੇ ਕੰਮ ਕੀਤਾ।

ਕਾਦਰ ਖਾਨ

ਮਸ਼ਹੂਰ ਭਾਰਤੀ ਫਿਲਮ ਅਭਿਨੇਤਾ, ਪਟਕਥਾ ਲੇਖਕ, ਕਾਮੇਡੀਅਨ, ਅਤੇ ਨਿਰਦੇਸ਼ਕ, ਕਾਦਰ ਖ਼ਾਨ 1970 ਦੇ ਦਹਾਕੇ ਵਿੱਚ ਇੱਕ ਪ੍ਰੋਫੈਸਰ ਸਨ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦੇ ਦਿਲਾਂ ‘ਚ ਜਗ੍ਹਾ ਬਣਾਉਣ ਤੋਂ ਪਹਿਲਾਂ ਉਹ ਐੱਮ.ਐੱਚ. ਸਾਬੂ ਸਿੱਦੀਕ ਕਾਲਜ ਆਫ ਇੰਜੀਨੀਅਰਿੰਗ, ਮੁੰਬਈ ਵਿਖੇ ਸਿਵਲ ਇੰਜੀਨੀਅਰਿੰਗ ਪੜ੍ਹਾਉਂਦੇ ਰਹੇ ਸਨ। ਇਹ ਕਿਹਾ ਜਾਂਦਾ ਹੈ ਕਿ ਮਰਹੂਮ ਅਦਾਕਾਰ ਕਾਦਰ ਖ਼ਾਨ ਨੂੰ ਪੜ੍ਹਾਉਣਾ ਇੰਨਾ ਪਸੰਦ ਸੀ ਕਿ ਇੰਡਸਟਰੀ ਛੱਡਣ ਤੋਂ ਬਾਅਦ ਵੀ ਉਨ੍ਹਾਂ ਨੇ ਪੜ੍ਹਾਉਣਾ ਜਾਰੀ ਰੱਖਿਆ।

ਅਕਸ਼ੈ ਕੁਮਾਰ

The Real Reason Why Akshay Kumar Walked Out Of Hera Pheri Revealed & Fans  Are Very Upset

ਬਾਲੀਵੁੱਡ ਦੇ ਖਿਲਾੜੀ ਕਹੇ ਜਾਂ ਵਾਲੇ ਅਦਾਕਾਰ ਅਕਸ਼ੈ ਕੁਮਾਰ ਵੀ ਅਦਾਕਾਰੀ ਤੋਂ ਪਹਿਲਾਂ ਇੱਕ ਅਧਿਆਪਕ ਰਹੇ ਹਨ। ਉਨ੍ਹਾਂ ਨੇ ਖੁਦ ਮਾਰਸ਼ਲ ਆਰਟਸ ਸਿੱਖਣ ਲਈ ਸਕੂਲ ਛੱਡ ਦਿੱਤਾ ਸੀ, ਭਾਰਤ ਵਿੱਚ ਤਾਈਕਵੋਂਡੋ ‘ਚ ਬਲੈਕ ਬੈਲਟ ਪ੍ਰਾਪਤ ਕਰਨ ਤੋਂ ਬਾਅਦ ਉਹ ਮਾਰਸ਼ਲ ਆਰਟਸ ਸਿੱਖਣ ਲਈ ਬੈਂਕਾਕ ਚਲੇ ਗਏ। ਫਿਰ ਜਦੋਂ ਉਹ ਮੁੰਬਈ ਪਰਤੇ ਤਾਂ ਉਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਸਕੂਲ ਵਿੱਚ ਵਿਦਿਆਰਥੀਆਂ ਨੂੰ ਮਾਰਸ਼ਲ ਆਰਟਸ ਸਿਖਾਉਣਾ ਸ਼ੁਰੂ ਕਰ ਦਿੱਤਾ। ਅਕਸ਼ੈ ਕੁਮਾਰ ਦੀ ਅਦਾਕਾਰੀ ਦੀ ਸਫ਼ਰ ਵੀ ਇਥੋਂ ਹੀ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੇ ਇੱਕ ਵਿਦਿਆਰਥੀ ਨੇ ਉਨ੍ਹਾਂ ਨੂੰ ਮਾਡਲਿੰਗ ਦੀ ਸਿਫ਼ਾਰਸ਼ ਕੀਤੀ, ਜਿਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਨੇ ਖ਼ੁਦ ਨੂੰ ਮਨੋਰੰਜਨ ਦੀ ਦੁਨੀਆਂ ‘ਚ ਉਭਾਰਿਆ।

ਨੰਦਿਤਾ ਦਾਸ

Nandita Das applauds Kapil Sharma for learning Jharkhand accent for  'Zwigato' | Hindi Movie News - Times of India

ਫ਼ਿਲਮ ਅਦਾਕਾਰਾ ਤੇ ਨਿਰਦੇਸ਼ਕ ਨੰਦਿਤਾ ਦਾਸ ਆਪਣੇ ਲੀਕ ਤੋਂ ਹੱਟ ਕੇ ਕੀਤੇ ਗਏ ਕੰਮਾਂ ਨਾਲ ਜਾਣੀ ਜਾਂਦੀ ਹੈ। ਨੰਦਿਤਾ ਦਾਸ ਨੇ ਦਿੱਲੀ ਸਕੂਲ ਆਫ ਸੋਸ਼ਲ ਵਰਕ ਤੋਂ ਆਪਣੀ ਮਾਸਟਰਸ ਪੂਰੀ ਕੀਤੀ ਅਤੇ ਫਿਰ ਰਿਸ਼ੀ ਵੈਲੀ ਸਕੂਲ ਦੇ ਡਾਇਰੈਕਟਰ ਬਣੇ। ਥੀਏਟਰ ਦੇ ਕੰਮ ਲਈ ਉਨ੍ਹਾਂ ਨੇ ਪਾਰਟ-ਟਾਈਮ ਨੌਕਰੀ ਵਜੋਂ ਇਥੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਫਾਇਰ, ਅਰਥ, ਬਵੰਡਰ, ਬਿਫ਼ੋਰ ਦੀ ਰੇਨਸ ਵਰਗੀਆਂ ਕਈ ਫੀਚਰ ਫਿਲਮਾਂ ‘ਚ ਪ੍ਰਦਰਸ਼ਨ ਲਈ ਪ੍ਰਸ਼ੰਸਾ ਖੱਟੀ। ਉਨ੍ਹਾਂ ਨੇ ਸਆਦਤ ਹਸਨ ਮੰਟੋ ਤੇ ਹੋਰ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ।

ਚੰਦਰਚੂੜ ਸਿੰਘ

ਬਾਲੀਵੁੱਡ ਅਦਾਕਾਰ ਚੰਦਰਚੂੜ ਸਿੰਘ ਭਾਵੇਂ ਹੀ ਹੁਣ ਵੱਡੇ ਪਰਦੇ ਤੋਂ ਗਾਇਬ ਨੇ, ਪਰ ਇੱਕ ਸਮੇਂ ਉਨ੍ਹਾਂ ਦੇ ਇੰਡਸਟਰੀ ‘ਚ ਕਾਫ਼ੀ ਚਰਚੇ ਹੁੰਦੇ ਰਹੇ ਨੇ। ਉਨ੍ਹਾਂ ਨੂੰ ਜੋਸ਼, ਮਾਚਿਸ, ਦਾਗ, ਆਦਿ ਵਰਗੇ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ, ਹਾਲ ਹੀ ਦੇ ਸਾਲਾਂ ‘ਚ ਉਨ੍ਹਾਂ ਨੇ ਫ਼ਿਲਮ ਕੱਟਪੁਟਲੀ ਤੇ ਹੋਟਸਤਾਰ ਦੀ ਸੀਰੀਜ਼ ਆਰੀਆ ‘ਚ ਕੰਮ ਕੀਤਾ। ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਚੰਦਰਚੂੜ ਸਿੰਘ ਦੂਨ ਸਕੂਲ ਵਿੱਚ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਰਹੇ ਸਨ।

ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਨੇ ਜਿਨ੍ਹਾਂ ਨੇ ਮਨੋਰੰਜਨ ਦੀ ਦੁਨੀਆਂ ‘ਚ ਆਉਣ ਦੇ ਨਾਲ-ਨਾਲ ਅਧਿਆਪਕ ਦਾ ਰੋਲ ਅਦਾ ਕੀਤਾ ਤੇ ਆਪਣੇ ਬਹੁਤ ਸਾਰੇ ਵਿਦਿਆਰਥੀਆਂ ਲਈ ਗਿਆਨ ਤੇ ਪ੍ਰੇਰਣਾ ਦਾ ਸਰੋਤ ਰਹੇ।

Scroll to Top