Site icon TheUnmute.com

ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ‘ਚ ਕੀਤਾ ਜਾ ਰਿਹੈ ਗੈਰ-ਸੰਚਾਰੀ ਬਿਮਾਰੀਆਂ ਦਾ ਮੁਫ਼ਤ ਇਲਾਜ: ਡਾ ਨਵਜੋਤ ਕੋਰ

ਗੈਰ-ਸੰਚਾਰੀ ਬਿਮਾਰੀਆਂ

ਸ੍ਰੀ ਮੁਕਤਸਰ ਸਾਹਿਬ, 14 ਮਾਰਚ 2024: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮਾਜ ਵਿੱਚ ਵੱਧ ਰਹੀਆਂ ਗੈਰ-ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਮੈਡੀਕਲ ਅਫਸਰਾ, ਕੰਮਿਊਨਟੀ ਹੈਲਥ ਅਫਸਰਾਂ ਅਤੇ ਸਟਾਫ ਨਰਸਾਂ ਦੀ ਵਿਸ਼ੇਸ਼ ਵਰਕਸ਼ਾਪ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਈ ਗਈ।

ਇਸ ਮੋਕੇ ਡਾ. ਨਵਜੋਤ ਕੋਰ ਸਿਵਲ ਸਰਜਨ ਨੇ ਕਿਹਾ ਕਿ 60 ਪ੍ਰਤੀਸ਼ਤ ਤੋਂ ਜਿਆਦਾ ਮੌਤਾਂ ਗੈਰ ਸੰਚਾਰੀ ਬਿਮਾਰੀਆਂ ਜਿਵੇ ਸ਼ੂਗ, ਕੈਂਸਰ, ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਦਿਲ ਦੀਆ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਜੇਕਰ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਕੇ ਇਲਾਜ ਕਰਵਾਇਆ ਜਾਵੇ ਤਾਂ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਅਤੇ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚੋਂ 36 ਪ੍ਰਤੀਸ਼ਤ ਲੋਕ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਪੀੜਤ ਹਨ ਜਿਸ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਰਹੀਆਂ ਹਨ ਇਸ ਲਈ ਪੰਜਾਬ ਸਰਕਾਰ ਵਲੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਬਲੱਡ ਪ੍ਰੈਸ਼ਰ ਜਾਂਚ ਕਰਕੇ ਅਤੇ ਵੱਧ ਪ੍ਰੈਸ਼ਰ ਵਾਲੇ ਲੋਕਾਂ ਦਾ ਇਕ ਪੋਰਟਲ ਰਾਹੀਂ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਉਨ੍ਹਾ ਦਾ ਇਲਾਜ ਰੈਗੂਲਰ ਤੌਰ ’ਤੇ ਕੀਤਾ ਜਾ ਸਕੇ। ਇਸ ਸਬੰਧ ਵਿਚ ਜਿਲ੍ਹੇ ਦੇ ਸਾਰੇ ਕੰਮਿਊਨਟੀ ਹੈਲਥ ਅਫਸਰਾਂ, ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਨੂੰ ਇਸ ਪੋਰਟਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੇਸ਼ਰ ਦਿਲ ਦੀ ਇੱਕ ਖਾਸ ਬਿਮਾਰੀ ਹੈ। ਇਸ ਨੂੰ ਸਾਈਲੈਂਟ ਕਿਲਰ ਕਰਕੇ ਵੀ ਜਾਣਿਆ ਜਾਂਦਾ ਹੈ।

ਇਸ ਮੌਕੇ ਡਾ. ਕੁਲਤਾਰ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਨ.ਸੀ.ਡੀ. ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਾਰੀਆਂ ਸਿਹਤ ਸੰਸਥਾਵਾਂ ਵਿੱਚ 30 ਸਾਲ ਤੋਂ ਉਪਰ ਦੇ ਲੋਕਾਂ ਦਾ ਮੁਫ਼ਤ ਚੈਕਅੱਪ ਅਤੇ ਇਲਾਜ ਕੀਤਾ ਜਾਂਦਾ ਹੈ। ਜਿਸ ਅਧੀਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ, ਸਟ੍ਰੋਕ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਬਲੱਡ ਪ੍ਰੇਸ਼ਰ ਵਧਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ੍ਹ ਹੋਣਾ, ਗੁਰਦੇ ਖਰਾਬ ਹੋਣਾ, ਸ਼ੂਗਰ ਦੀ ਬਿਮਾਰੀ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾ, ਮਾਨਸਿਕ ਤਣਾਅ ਤੇ ਚਿੰਤਾ ਆਦਿ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਹਨਾਂ ਦੱਸਿਆਂ ਕਿ ਜਿਆਦਾਤਰ ਲੋਕ ਸ਼ਰਾਬ ਅਤੇ ਤੰਬਾਕੂ ਪਦਾਰਥਾਂ, ਫੈਟ ਵਾਲੀਆਂ, ਤਲੀਆਂ, ਫਾਸਟ ਫੂਡ, ਮਸਾਲੇਦਾਰ ਚੀਜਾਂ, ਸੋਫਟ ਅਤੇ ਹਾਰਡ ਡਰਿੰਕ, ਤੰਬਾਕੂ ਅਤੇ ਸਿਗਰਟ ਦੀ ਵਰਤੋਂ ਕਰਨ ਨਾਲ ਅਤੇ ਸਰੀਰਕ ਕੰਮ ਨਾ ਕਰਨ ਨਾਲ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ।

ਸਾਨੂੰ ਅਤੇ ਆਪਣੇ ਬੱਚਿਆਂ ਨੁੰ ਇਨ੍ਹਾ ਚੀਜਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਸੰਤੁਲਿਤ ਭੋਜਨ, ਹਰੇ ਪੱਤੇਦਾਰ ਸ਼ਬਜੀਆਂ, ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ। ਲੂਣ ਅਤੇ ਖੰਡ ਦੀ ਮਾਤਰਾ ਘੱਟ ਲੈਣੀ ਚਾਹੀਦੀ। ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਓ ਨੂੰ ਘੱਟ ਕਰੋ। ਅੱਜ ਦੀ ਜਿੰਦਗੀ ਚ ਮਾਨਸਿਕ ਤਣਾਅ ਨੂੰ ਘਟਾਉਣ ਲਈ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਸਮਾਂ ਬਿਤਾਓ ਅਤੇ ਉਹਨਾ ਨਾਲ ਕੁਝ ਸਮਾਂ ਖੇਡੋ। ਰੋਜਾਨਾ ਘੱਟੋ ਘੱਟ 30 ਮਿੰਟ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ਼ ਕਰੋ।ਹਾਈ ਬਲੱਡ ਪ੍ਰੈਸ਼ਰ ਨਾਲ ਅੱਖਾਂ ਤੇ ਵੀ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ।ਇਸ ਲਈ ਡਾਕਟਰੀ ਸਲਾਹ ਅਨੁਸਾਰ ਨਿਯਮਿਤ ਦਵਾਈ ਖਾਓ, ਜੋ ਕਿ ਸਾਰੀਆਂ ਸਿਹਤ ਸੰਸਥਾਵਾਂ ਤੋਂ ਮੁਫ਼ਤ ਮਿਲਦੀਆਂ ਹਨ।

ਇਸ ਮੌਕੇ ਵਿਸ਼ਵ ਸਿਹਤ ਸੰਸਥਾ ਤੋਂ ਡਾ. ਬਦੀਸ਼ਾ ਦਾਸ, ਰਛਪਾਲ ਸਿੰਘ ਅਤੇ ਰਮਨਦੀਪ ਸਿੰਘ ਐਸ.ਟੀ.ਐਸ, ਡਾ. ਰੋਬਿਨ, ਦੀਪਕ ਕੁਮਾਰ ਡੀ.ਪੀ.ਐਮ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਤੇ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰ ਸਟਾਫ ਨਰਸ ਅਤੇ ਕਮਿਊਨਟੀ ਹੈਲਥ ਅਫਸਰ ਹਾਜ਼ਰ ਸਨ।

Exit mobile version