ਚੰਡੀਗੜ੍ਹ 29 ਦਸੰਬਰ 2025: ਪੰਜਾਬ ਸਰਕਾਰ (punjab government) ਨੇ ਚਾਲੂ ਵਿੱਤੀ ਸਾਲ ਦੌਰਾਨ ਨਵੰਬਰ ਤੱਕ ਸੂਬੇ ਭਰ ਵਿੱਚ ਸਥਾਪਿਤ ਵਨ ਸਟਾਪ ਸੈਂਟਰਾਂ ਰਾਹੀਂ ਹਿੰਸਾ ਦੀਆਂ 5,121 ਪੀੜਤ ਔਰਤਾਂ ਨੂੰ ਮੁਫ਼ਤ ਡਾਕਟਰੀ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (dr. baljit kaur) ਨੇ ਦਿੱਤੀ।
ਹੋਰ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਹਰ ਔਰਤ ਸਮਾਜ ਵਿੱਚ ਮਾਣ, ਸਤਿਕਾਰ ਅਤੇ ਸੁਰੱਖਿਆ ਨਾਲ ਜ਼ਿੰਦਗੀ ਜੀਉਣ ਦੇ ਯੋਗ ਹੋਵੇ। ਇਸ ਲਈ, ਵਨ ਸਟਾਪ ਸੈਂਟਰਾਂ ਰਾਹੀਂ, ਹਿੰਸਾ ਦੀਆਂ ਪੀੜਤ ਔਰਤਾਂ ਨੂੰ ਮੁਫ਼ਤ ਡਾਕਟਰੀ ਇਲਾਜ, ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਸਲਾਹ ਅਤੇ ਇੱਕ ਥਾਂ ‘ਤੇ ਅਸਥਾਈ ਰਿਹਾਇਸ਼ ਵਰਗੀਆਂ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਹਿੰਸਾ ਦਾ ਸ਼ਿਕਾਰ ਹੋਈ ਹਰ ਔਰਤ ਨੂੰ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਨ੍ਹਾਂ ਦੇ ਪਿੱਛੇ ਇੱਕ ਟੁੱਟੀ ਹੋਈ ਭਾਵਨਾ, ਅਸੁਰੱਖਿਆ ਨਾਲ ਭਰਿਆ ਮਨ ਅਤੇ ਨਿਆਂ ਦੀ ਮਜ਼ਬੂਤ ਉਮੀਦ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਅਜਿਹੀ ਹਰ ਔਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੋਵੇ, ਉਸਨੂੰ ਨਾ ਸਿਰਫ਼ ਸੁਰੱਖਿਆ ਪ੍ਰਦਾਨ ਕਰੇ, ਸਗੋਂ ਵਿਸ਼ਵਾਸ, ਸਮਰਥਨ ਅਤੇ ਇੱਕ ਨਵੀਂ ਸ਼ੁਰੂਆਤ ਵੀ ਪ੍ਰਦਾਨ ਕਰੇ। ਵਨ ਸਟਾਪ ਸੈਂਟਰਾਂ ਰਾਹੀਂ, ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਔਰਤ ਆਪਣੇ ਦਰਦ ਨਾਲ ਇਕੱਲੀ ਨਾ ਰਹੇ ਅਤੇ ਉਸਨੂੰ ਨਿਆਂ ਅਤੇ ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਪੂਰਾ ਅਧਿਕਾਰ ਹੋਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਾਨ ਸਰਕਾਰ ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਨੂੰ ਸਿਰਫ਼ ਯੋਜਨਾਵਾਂ ਤੱਕ ਸੀਮਤ ਨਹੀਂ ਕਰ ਰਹੀ ਹੈ, ਸਗੋਂ ਇਸਨੂੰ ਸ਼ਾਸਨ ਦੀ ਮੁੱਖ ਤਰਜੀਹ ਬਣਾ ਰਹੀ ਹੈ। ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਿੰਸਾ ਦਾ ਸ਼ਿਕਾਰ ਹੋਈ ਹਰ ਔਰਤ ਨੂੰ ਸਮੇਂ ਸਿਰ ਸਹਾਇਤਾ ਮਿਲੇ ਅਤੇ ਨਿਆਂ, ਸੁਰੱਖਿਆ ਅਤੇ ਸਵੈ-ਨਿਰਭਰਤਾ ਵੱਲ ਅੱਗੇ ਵਧਣ ਲਈ ਪੂਰਾ ਸਰਕਾਰੀ ਸਮਰਥਨ ਮਿਲੇ।
Read More: ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਨੂੰ 314 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ: ਡਾ. ਬਲਜੀਤ ਕੌਰ




