ਚੰਡੀਗੜ੍ਹ, 05 ਸਤੰਬਰ 2024: ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਾਦਮਿਕ ਸਾਲ 2024-25 ਲਈ ਕੇਂਦਰੀ ਪੂਲ ‘ਚ ਚਾਰ ਐੱਮ.ਬੀ.ਬੀ.ਐੱਸ. (MBBS) ਸੀਟਾਂ ਉਨ੍ਹਾਂ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਰਾਖਵੀਆਂ ਰੱਖੀਆਂ ਹਨ, ਜੋ ਅ.ਤਿ.ਵਾ.ਦ ਕਾਰਨ ਫ਼ੌਤ/ਦਿਵਿਆਂਗ ਹੋ ਚੁੱਕੇ ਨਾਗਰਿਕਾਂ ਦੇ ਜੀਵਨ ਸਾਥੀ ਜਾਂ ਬੱਚੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਏ.ਐਨ. ਮਗਧ ਮੈਡੀਕਲ ਕਾਲਜ, ਗਯਾ (ਬਿਹਾਰ) ਅਤੇ ਗ੍ਰਾਂਟ ਮੈਡੀਕਲ ਕਾਲਜ, ਮੁੰਬਈ (ਮਹਾਰਾਸ਼ਟਰ) ‘ਚ ਇੱਕ-ਇੱਕ ਸੀਟ ਜਦਕਿ ਪੰਡਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ, ਰਾਏਪੁਰ (ਛੱਤੀਸਗੜ੍ਹ) ‘ਚ ਇਸ ਵਰਗ ਲਈ ਦੋ ਸੀਟਾਂ ਰਾਖਵੀਆਂ ਰੱਖੀਆਂ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਯੋਗ ਵਿਦਿਆਰਥੀ ਵੀ ਇਨ੍ਹਾਂ (MBBS) ਸੀਟਾਂ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹਨ। ਇਨ੍ਹਾਂ ਸੀਟਾਂ ਲਈ ਯੋਗਤਾ ਦੇ ਮਾਪਦੰਡਾਂ ਤਹਿਤ ਉਮੀਦਵਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ ਦਾਖ਼ਲੇ ਸਮੇਂ 17 ਸਾਲ ਹੋਵੇ ਜਾਂ ਉਹ ਅੰਡਰਗਰੈਜੂਏਟ ਮੈਡੀਕਲ ਕੋਰਸ ‘ਚ ਦਾਖ਼ਲੇ ਦੇ ਪਹਿਲੇ ਸਾਲ ‘ਚ 31 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਇਹ ਉਮਰ ਪੂਰੀ ਕਰਦਾ ਹੋਵੇ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਫਾਰਮ ਮੰਤਰਾਲੇ ਦੀ ਵੈੱਬਸਾਈਟ (https://mha.gov.in) ਤੋਂ ਡਾਊਨਲੋਡ ਕਰਕੇ ਹੋਰ ਜਾਣਕਾਰੀ ਅਤੇ ਸ਼ਰਤਾਂ ਵੇਖੀਆਂ ਜਾ ਸਕਦੀਆਂ ਹਨ।