July 7, 2024 8:25 am
Punjab Police

ਸਬ-ਇੰਸਪੈਕਟਰ ਸਮੇਤ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 25 ਜਨਵਰੀ 2023: ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ‘ਤੇ, ਪੰਜਾਬ ਦੇ ਰਾਜਪਾਲ ਨੇ ਅੱਜ ਗਣਤੰਤਰ ਦਿਵਸ-2023 ਮੌਕੇ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਅਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ (Punjab Police) ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਲਈ ਚਾਰ ਮੁਲਾਜ਼ਮਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਹਨਾਂ ਵਿੱਚ ਥਾਣਾ ਕੋਟਭਾਈ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਚ.ਓ. ਐਸ.ਆਈ. ਰਮਨ ਕੁਮਾਰ, ਏ.ਐਸ.ਆਈ. ਹਰਪਿੰਦਰ ਸਿੰਘ, ਹੈੱਡ ਕਾਂਸਟੇਬਲ ਗੁਰਨਾਮ ਸਿੰਘ ਅਤੇ ਹੈੱਡ ਕਾਂਸਟੇਬਲ ਹਰਿੰਦਰ ਸਿੰਘ ਸ਼ਾਮਲ ਹਨ।

ਇਸੇ ਤਰ੍ਹਾਂ 5 ਪੀ.ਪੀ.ਐਸ. ਅਧਿਕਾਰੀ ਏ.ਆਈ.ਜੀ. ਫਲਾਇੰਗ ਸਕੁਐਡ ਵਿਜੀਲੈਂਸ ਬਿਊਰੋ ਪੰਜਾਬ ਮਨਮੋਹਨ ਸਿੰਘ, ਏ.ਆਈ.ਜੀ. ਆਬਕਾਰੀ ਤੇ ਕਰ ਪੰਜਾਬ ਗੁਰਜੋਤ ਸਿੰਘ ਕਲੇਰ, ਡੀ.ਐਸ.ਪੀ. ਵਿਜੀਲੈਂਸ ਬਿਊਰੋ ਸਲਾਮੁਦੀਨ, ਡੀ.ਐਸ.ਪੀ. ਐਸ.ਟੀ.ਐਫ. ਲੁਧਿਆਣਾ ਰੇਂਜ ਅਜੈ ਕੁਮਾਰ ਅਤੇ ਡੀ.ਐਸ.ਪੀ. ਗੜ੍ਹਸ਼ੰਕਰ ਦਲਜੀਤ ਸਿੰਘ ਖੱਖ, ਉਹਨਾਂ 11 ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ, ਜਿਹਨਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਲਈ ਚੁਣਿਆ ਗਿਆ ਹੈ। ਬਾਕੀ ਮੁਲਾਜ਼ਮਾਂ ਵਿੱਚ ਇੰਸਪੈਕਟਰ ਸਰਬਜੀਤ ਸਿੰਘ, ਇੰਸਪੈਕਟਰ ਵਿਵੇਕ ਚੰਦਰ, ਇੰਸਪੈਕਟਰ ਭੁਪਿੰਦਰ ਸਿੰਘ, ਐਸ.ਆਈ. ਜੁਝਾਰ ਸਿੰਘ, ਏ.ਐਸ.ਆਈ. ਦਵਿੰਦਰ ਸਿੰਘ, ਏ.ਐਸ.ਆਈ. ਭਾਗ ਸਿੰਘ ਸ਼ਾਮਲ ਹਨ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਅਜਿਹੀ ਮਾਨਤਾ ਪੁਲਿਸ ਫੋਰਸ ਨੂੰ ਵਧੇਰੇ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

Punjab