ਚੰਡੀਗੜ੍ਹ, 29 ਨਵੰਬਰ 2023: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਅਤੇ ਆਖ਼ਰੀ ਦਿਨ ਕਾਨੂੰਨ ਵਿਵਸਥਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦੌਰਾਨ ਮਤਾ ਪੇਸ਼ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਦੇ ਉਠਾਉਣ ਲਈ ਹੋਰ ਸਮਾਂ ਮੰਗਿਆ। ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਮੁੱਦੇ ਉਠਾਏ ਜਾ ਚੁੱਕੇ ਹਨ ਤਾਂ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਕਾਂਗਰਸ ਦੇ ਸਦਨ ਤੋਂ ਵਾਕਆਊਟ ਤੋਂ ਬਾਅਦ ਵਿਧਾਨ ਸਭਾ ਵਿੱਚ ਨਵੇਂ ਸੋਧ ਬਿੱਲ (bills) ਪੇਸ਼ ਕੀਤੇ ਗਏ। ਉਨ੍ਹਾਂ ਦੇ ਪਾਸ ਹੁੰਦੇ ਹੀ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਸਦਨ ਵਿੱਚ ਤਿੰਨ ਮਨੀ ਬਿੱਲਾਂ ਸਮੇਤ ਕੁੱਲ ਚਾਰ ਬਿੱਲ ਪਾਸ ਕੀਤੇ ਗਏ। ਇਨ੍ਹਾਂ ਵਿੱਚ ਟਰਾਂਸਫਰ ਆਫ ਪ੍ਰੋਪਰਟੀ ਸੋਧ ਬਿੱਲ 2023, ਰਜਿਸਟ੍ਰੇਸ਼ਨ ਸੋਧ ਬਿੱਲ 2023, ਇੰਡੀਅਨ ਸਟੈਂਪ ਬਿੱਲ 2023 ਅਤੇ ਪੰਜਾਬ ਕੈਨਾਲ ਐਂਡ ਡਰੇਨੇਜ ਬਿੱਲ 2023 ਸ਼ਾਮਲ ਹਨ।