July 2, 2024 10:31 pm
khanna

ਜਾਅਲੀ ਕਾਗਜ਼ਾਂ ‘ਤੇ ਵੇਚਿਆ ਸਾਬਕਾ ਐਸਡੀਐੱਮ ਦਾ ਪਲਾਟ, ਪਟਵਾਰੀ ਸਮੇਤ ਸਾਬਕਾ ਡੀਐੱਸਪੀ ਦੇ ਪੁੱਤਰਾਂ ‘ਤੇ ਮਾਮਲਾ ਦਰਜ

ਚੰਡੀਗੜ੍ਹ, 29 ਮਾਰਚ 2023:ਜਾਅਲੀ ਕਾਗਜ਼ਾਂ ਦੇ ਆਧਾਰ ‘ਤੇ ਸਾਬਕਾ ਐਸਡੀਐੱਮ ਦੇ ਪਲਾਟ ਦੀ ਰਜਿਸਟਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਕੋਤਵਾਲੀ ਨਾਭਾ ਥਾਣਾ ਪੁਲਿਸ ਨੇ ਇਕ ਪਟਵਾਰੀ, ਸਮੇਤ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਾਭਾ ਦੇ ਸਾਬਕਾ ਐਸਡੀਐਮ ਨਵਤੇਜ ਸਿੰਘ ਦੇ ਪਲਾਟ ਦੇ ਜਾਅਲੀ ਕਾਗਜ਼ ਬਣਾ ਕੇ ਉਸ ਦੀ ਖਰੀਦ-ਵੇਚ ਕਰਨ ਦੇ ਮਾਮਲੇ `ਚ ਸਾਬਕਾ ਡੀਐੱਸਪੀ ਹਰਭਜਨ ਸਿੰਘ ਦੇ ਦੋ ਪੁੱਤਰਾਂ, ਕਾਨੂੰਗੋ ਰਘਵੀਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਅਰੋੜਾ ਦੀ ਨੂੰਹ ਖ਼ਿਲਾਫ਼ ਨਾਭਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਨਿਵਾਸੀ ਹਰਲਵਲੀਨ ਸਿੰਘ ਨੇ ਪਿਛਲੇ ਸਾਲ ਸਤੰਬਰ ਮਹੀਨੇ ਪਟਿਆਲਾ ਐੱਸਐੱਸਪੀ ਨੂੰ ਸ਼ਿਕਾਇਤ ਦਰਜ ਕਰਾਈ ਸੀ ਕਿ ਨਾਭਾ ਦੇ ਪ੍ਰੀਤ ਵਿਹਾਰ ਵਿੱਚ ਉਸ ਦੇ ਪਿਤਾ ਨਵਤੇਜ ਸਿੰਘ ਦੇ ਨਾਮ 250 ਗਜ ਦਾ ਪਲਾਟ ਸੀ, ਸਾਬਕਾ ਡੀਐਸਪੀ ਹਰਭਜਨ ਸਿੰਘ, ਕਾਨੂੰਗੋ ਰਘਵੀਰ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਮਿਲ ਕੇ ਜਾਅਲੀ ਕਾਗਜ਼ ਤਿਆਰ ਕਰਕੇ ਪਲਾਟ ਵੇਚ ਦਿੱਤਾ। ਪਟਿਆਲਾ ਵਾਸੀ ਹਰਲਵਲੀਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਿਤਾ ਨਵਤੇਜ ਸਿੰਘ ਪੀਸੀਐੱਸ ਅਧਿਕਾਰੀ ਸਨ ਤੇ ਪਟਿਆਲਾ, ਨਾਭਾ ਤੇ ਰਾਜਪੁਰਾ ਵਿਖੇ ਐੱਸਡੀਐੱਮ ਵੀ ਰਹੇ ਹਨ।

ਉਨ੍ਹਾਂ ਦੀ ਦਾਦੀ ਵੱਲੋਂ ਸਾਲ 2000 ‘ਚ ਨਵਤੇਜ ਸਿੰਘ ਦੇ ਨਾਂ ਨਾਭਾ ਵਿਖੇ 250 ਗਜ ਦਾ ਪਲਾਟ ਨਾਂ ਕੀਤਾ ਗਿਆ ਸੀ। ਉਨ੍ਹਾਂ ਨੇ ਕਿ ਕਿਹਾ ਕਿ ਨਵਤੇਜ ਸਿੰਘ ਦੀ ਮੌਤ ਤੋਂ ਬਾਅਦ ਜਾਇਦਾਦ ਨੂੰ ਤਿੰਨ ਭਰਾਵਾਂ ਵਿਚ ਤਕਸੀਮ ਕੀਤੀ ਜਾਣੀ ਸੀ। ਉਨ੍ਹਾਂ ਨੂੰ ਨਾਭਾ ਜਾ ਕੇ ਪਤਾ ਲੱਗਾ ਕਿ ਇਹ ਪਲਾਟ ਸਾਬਕਾ ਡੀਐੱਸਪੀ ਹਰਭਜਨ ਸਿੰਘ ਨੂੰ ਵੇਚਿਆ ਗਿਆ ਹੈ | ਮਾਮਲਾ ਸ਼ੱਕੀ ਹੋਣ ‘ਤੇ ਜਦੋਂ ਮਾਲ ਰਿਕਾਰਡ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਰਿਟਾਇਰਡ ਡੀਐੱਸਪੀ ਹਰਭਜਨ ਸਿੰਘ ਨੇ ਉਕਤ ਅਫਸਰਾਂ ਨਾਲ ਮਿਲ ਕੇ ਜਾਅਲੀ ਸੇਲ ਡੀਡ ਬਣਾ ਕੇ ਤੇ ਵਸੀਕਾ ਨੂੰ 3251 ਹੇਠ ਇਹ ਪਲਾਟ ਉਸ ਦੇ ਪਿਤਾ ਤੋਂ ਜੁਲਾਈ 2009 ਵਿੱਚ ਖਰੀਦਿਆ ਦਿਖਾ ਦਿੱਤਾ ਤੇ 2020 ‘ਚ ਇੰਤਕਾਲ ਆਪਣੇ ਨਾਮ ਕਰਵਾ ਕੇ ਪਲਾਟ ਅੱਗੇ ਵੇਚ ਦਿੱਤਾ, ਜਦੋਂ ਕਿ ਉਸ ਦੇ ਪਿਤਾ ਨਵਤੇਜ ਸਿੰਘ ਦੀ ਮੌਤ ਜਨਵਰੀ 2008 `ਚ ਹੋ ਗਈ ਸੀ |

ਪੜਤਾਲ ਦੌਰਾਨ ਪੁਲਿਸ ਨੇ ਨਾਇਬ ਤਹਿਸੀਲਦਾਰ ਨੂੰ ਨਿਰਦੋਸ਼ ਦੱਸਦੇ ਹੋਏ ਹਰਭਜਨ ਸਿੰਘ ਦੇ ਦੋ ਪੁੱਤਰਾਂ ਇਕਬਾਲ ਸਿੰਘ ਤੇ ਹਰਪ੍ਰੀਤ ਸਿੰਘ, ਕਾਨੂੰਗੋ ਰਘਵੀਰ ਸਿੰਘ ‘ਤੇ ਖ਼ਰੀਦਦਾਰ ਵੰਦਨਾ ਅਰੋੜਾ ਖਿਲਾਫ ਧਾਰਾ ਕੇਸ ਦਰਜ ਕਰ ਲਿਆ ਹੈ, ਕਾਨੂੰਗੋ ਰਘਵੀਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ । ਜਿਕਰਯੋਗ ਹੈ ਕਿ ਵੰਦਨਾ ਅਰੋੜਾ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਅਰੋੜਾ ਦੀ ਨੂੰਹ ਹੈ। ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਅਰੋੜਾ ਨੇ ਕਿਹਾ ਕਿ ਇਹ ਪਲਾਟ ਹਰਭਜਨ ਸਿੰਘ ਦੇ ਕਾਗਜ਼ ਦੇਖਣ ਤੋਂ ਬਾਅਦ ਲਿਆ ਸੀ, ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਉਲਝਾਇਆ ਜਾ ਰਿਹਾ ਹੈ |

ਹਰਲਵਲੀਨ ਨੇ ਨਾਇਬ ਤਹਿਸੀਲਦਾਰ ਨੂੰ ਬਰੀ ਕੀਤੇ ਜਾਣ ‘ਤੇ ਸਵਾਲ ਚੁੱਕਿਆ ਕਿ ਵਸੀਕਾ ਨੇ 3251 ਤਾਂ ਨਹਰਾ ਪਿੰਡ ਦੀ ਜ਼ਮੀਨ ਨਾਲ ਤਾਲੁਕ ਰੱਖਦਾ ਸੀ ਤੇ ਨਾਇਬ ਤਹਿਸੀਲਦਾਰ ਨੇ ਉਸ ਦੇ ਅਧਾਰ ਤੇ ਨਾਭਾ ਦੇ ਪਲਾਟ ਦਾ ਇੰਤਕਾਲ ਵਾਸੀਕੇ ਦੀ ਤਾਰੀਖ਼ ਤੋਂ 11 ਸਾਲ ਬਾਅਦ ਬਿਨਾਂ ਪੜਤਾਲ ਦੇ ਕਿਵੇਂ ਕਰ ਦਿੱਤਾ। ਦੂਜੇ ਪਾਸੇ ਨਾਇਬ ਤਹਿਸੀਲਦਾਰ ਦਾ ਦਾਅਵਾ ਹੈ ਕਿ ਉਹ ਮੈਡੀਕਲ ਛੁੱਟੀ ‘ਤੇ ਸੀ | ਜਿਸਦੇ ਚੱਲਦੇ ਪਟਵਾਰੀ ਦੀ ਡਿਊਟੀ ਲੱਗੀ ਸੀ ਅਤੇ ਭਰੋਸੇ ਦੇ ਅਧਾਰ ‘ਤੇ ਕਾਗਜਾਂ ‘ਤੇ ਦਸਤਖ਼ਤ ਕੀਤੇ ਸਨ | ਕੇਸ ਦੇ ਆਈਓ ਡੀਐੱਸਪੀ ਟਰੈਫਿਕ ਕਰਨਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੜਤਾਲੀਆ ਰਿਪੋਰਟ ਐੱਸਐੱਸਪੀ ਦਫਤਰ ਦਰਜ ਕਰਾ ਦਿੱਤੀ ਸੀ, ਜਿਸ ਬਾਰੇ ਉਹ ਜਾਣਕਾਰੀ ਨਹੀਂ ਦੇ ਸਕਦੇ।

ਪਟਿਆਲਾ ਵਾਸੀ ਹਰਲਵਲੀਨ ਸਿੰਘ ਨੇ ਮੰਗ ਕੀਤੀ ਹੈ ਕਿ ਜਾਅਲੀ ਦਸਤਵੇਜ਼ ਤਿਆਰ ਕਰਨ ਵਾਲੇ, ਰਜਿਸਟਰ ਅਤੇ ਇੰਤਕਾਲ ਕਰਨ ਵਾਲੇ ਮਾਲ ਰਿਕਾਰਡ ਦੇ ਅਧਿਕਾਰੀਆਂ ਸਮੇਤ ਹੋਰਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇ | ਸਾਬਕਾ ਡੀਐੱਸਪੀ ਹਰਭਜਨ ਸਿੰਘ ਉਸ ਵੇਲੇ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਖ਼ਿਲਾਫ਼ ਪਟਿਆਲਾ ਪੁਲਿਸ ਨੇ ਇਕ ਕਤਲ ਮਾਮਲੇ ਵਿੱਚ ਸਬੂਤ ਖੁਰਦ ਬੁਰਦ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਸੀ | ਨਾਭਾ ਪੁਲਿਸ ਨੇ 2012 ਵਿਚ ਮਾਮਲਾ ਦਰਜ ਕੀਤਾ ਸੀ | ਦੋਸ਼ ਕਿ ਇੱਕ ਨੌਜਵਾਨ ਨੇ ਬੰਦੂਕ ਨਾਲ ਆਪਣੇ ਰਿਸਤੇਦਾਰ ਦਾ ਕਤਲ ਕਰ ਦਿੱਤਾ ਸੀ | ਕੁਝ ਸਮੇਂ ਬਾਅਦ ਅਦਾਲਤ ਨੇ ਉਕਤ ਨੌਜਵਾਨ ਨੂੰ ਬਰੀ ਕਰ ਦਿੱਤਾ | ਉਸ ਸਮੇਂ ਦੇ ਡੀਆਈਜੀ ਦੇ ਨਿਰਦੇਸ਼ ਤੇ ਬਣੀ ਸਿਟ ਨੇ ਜਾਂਚ ਤੋਂ ਬਾਅਦ ਉਨਾਂ ‘ਤੇ ਮਾਮਲਾ ਦਰਜ ਕੀਤਾ ਸੀ |

ਐੱਫਆਈਆਰ ਦੀ ਕਾਪੀ ਪੜ੍ਹੋ