ਚੰਡੀਗੜ੍ਹ, 30 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 ‘ਚ ਪਾਕਿਸਤਾਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਵਿਚਕਾਰ ਪਾਕਿਸਤਾਨ ਕ੍ਰਿਕਟ ਬੋਰਡ ‘ਚ ਹਲਚਲ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ (Inzamam-ul-Haq) ਨੇ ਟੂਰਨਾਮੈਂਟ ਦੇ ਵਿਚਕਾਰ ਮੁੱਖ ਚੋਣਕਾਰ ਵਜੋਂ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਹੈ । ਇਸ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਲਗਾਤਾਰ ਚੌਥੀ ਹਾਰ ਤੋਂ ਬਾਅਦ ਇੰਜ਼ਮਾਮ ਨੇ ਆਪਣਾ ਅਸਤੀਫਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਜ਼ਕਾ ਅਸ਼ਰਫ ਨੂੰ ਭੇਜ ਦਿੱਤਾ ਹੈ।
ਮੁੱਖ ਚੋਣਕਾਰ ਵਜੋਂ ਇੰਜ਼ਮਾਮ (Inzamam-ul-Haq) ਦੇ ਕਰਾਰ ਦੀ ਮਿਆਦ ਖਤਮ ਹੋਣ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇੰਜ਼ਮਾਮ ਨੂੰ ਛੇ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਅਤੇ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਬੋਰਡ ਨੂੰ ਉਨ੍ਹਾਂ ਨੂੰ ਡੇਢ ਕਰੋੜ ਪਾਕਿਸਤਾਨੀ ਰੁਪਏ ਅਦਾ ਕਰਨੇ ਪੈਣਗੇ। ਇੰਜ਼ਮਾਮ ਦੀ ਮਹੀਨਾਵਾਰ ਤਨਖਾਹ 25 ਲੱਖ ਪਾਕਿਸਤਾਨੀ ਰੁਪਏ ਸੀ।